ਤਿਰੂਵਨੰਤਪੁਰਮ, 26 ਮਈ
ਕੇਰਲਾ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਪੁੱਛਿਆ ਹੈ ਕਿ ਜੇਕਰ ਪੁਲੀਸ ਕੋਲ ਪੀ.ਸੀ. ਜਾਰਜ ਦੇ ਭਾਸ਼ਣਾਂ ਦੀਆਂ ਰਿਕਾਰਡਿੰਗਾਂ ਮੌਜੂਦ ਹਨ ਤਾਂ ਉਹ ਉਸ ਨੂੰ ਹਿਰਾਸਤ ਵਿੱਚ ਕਿਉਂ ਲੈਣਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਇਥੋਂ ਦੀ ਮੈਜਿਸਟਰੇਟ ਅਦਾਲਤ ਨੇ ਕੇਰਲ ਦੇ ਸੀਨੀਅਰ ਨੇਤਾ ਪੀਸੀ ਜਾਰਜ ਨੂੰ ਅੱਜ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਪੁਲੀਸ ਨੇ ਜਾਰਜ ਨੂੰ ਨਫ਼ਰਤੀ ਭਾਸ਼ਨ ਦੇ ਮਾਮਲੇ ਵਿੱਚ ਉਸ ਦੀ ਜ਼ਮਾਨਤ ਰੱਦ ਹੋਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਇਹ ਸਵਾਲ ਜਾਰਜ ਦੀਆਂ ਦੋ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਪੁੱਛਿਆ ਹੈ। ਜਾਰਜ ਨੇ ਇਹ ਪਟੀਸ਼ਨਾਂ ਆਪਣੇ ਖ਼ਿਲਾਫ਼ ਪਲਾਰੀਵੱਟਮ ਥਾਣੇ ’ਚ ਦਰਜ ਨਫ਼ਰਤੀ ਭਾਸ਼ਣ ਕੇਸ ’ਚ ਅਗਾਊਂ ਜ਼ਮਾਨਤ ਲੈਣ ਲਈ ਅਤੇ ਇੱਕ ਹੋਰ ਨਫ਼ਰਤੀ ਭਾਸ਼ਣ ਮਾਮਲੇ ’ਚ ਤਿਰੂਵਨੰਤਪੁਰਮ ਵਿੱਚ ਦਰਜ ਕੇਸ ਵਿੱਚ ਜ਼ਮਾਨਤ ਰੱਦ ਹੋਣ ਖ਼ਿਲਾਫ਼ ਦਾਇਰ ਕੀਤੀਆਂ ਹਨ। ਹਾਈ ਕੋਰਟ ਨੇ ਸਰਕਾਰ ਨੂੰ ਪੁੱਛਿਆ ਕਿ ਜੇਕਰ ਜਾਂਚ ਏਜੰਸੀ ਕੋਲ ਉਸ ਵੱਲੋਂ ਦਿੱਤੇ ਭਾਸ਼ਣਾਂ ਦੀਆਂ ਰਿਕਾਰਡਿੰਗਾਂ ਤਾਂ ਉਸ ਨੂੰ ਹਿਰਾਸਤ ਵਿੱਚ ਲੈਣ ਦਾ ਕੀ ਮਕਸਦ ਹੈ। ਅਦਾਲਤ ਨੇ ਇਸਤਗਾਸਾ ਧਿਰ ਦੇ ਡਾਇਰੈਕਟਰ ਜਨਰਲ ਨੂੰ ਅਗਲੀ ਸੁਣਵਾਈ ’ਤੇ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਲਈ ਆਖਿਆ ਹੈ। ਇਸ ਤੋਂ ਪਹਿਲਾਂ ਮੈਜਿਸਟਰੇਟ ਅਦਾਲਤ ਨੇ ਬੁੱਧਵਾਰ ਨੂੰ ਜਾਰਜ ਨੂੰ ਦਿੱਤੀ ਗਈ ਜ਼ਮਾਨਤ ਰੱਦ ਕਰ ਦਿੱਤੀ ਸੀ। ਪੁਲੀਸ ਨੇ ਦੋਸ਼ ਲਾਇਆ ਸੀ ਕਿ 1 ਮਈ ਨੂੰ ਜ਼ਮਾਨਤ ’ਤੇ ਰਿਹਾਅ ਹੋਏ ਸੀਨੀਅਰ ਆਗੂ ਨੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ।