ਨਵੀਂ ਦਿੱਲੀ, 16 ਅਕਤੂਬਰ
ਪੱਛਮੀ ਦਿੱਲੀ ਦੇ ਨਾਂਗਲੋਈ ਇਲਾਕੇ ਵਿੱਚ ਮਠਿਆਈ ਦੀ ਦੁਕਾਨ ਦੇ ਬਾਹਰ ਗੋਲੀਆਂ ਚਲਾਉਣ ਦੀ ਘਟਨਾ ਨਾਲ ਜੁੜੇ ਮਾਮਲੇ ’ਚ ਅਦਾਲਤ ਨੇ ਅੱਜ ਗੈਂਗਸਟਰ ਦੀਪਕ ਬਾਕਸਰ ਨੂੰ ਦੋ ਦਿਨਾਂ ਦੀ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਹੈ। ਸਰਕਾਰੀ ਵਕੀਲ ਨੇ ਕਿਹਾ ਕਿ ਬਾਕੀ ਮੁਲਜ਼ਮਾਂ ਦੇ ਵੇਰਵਿਆਂ ਦਾ ਪਤਾ ਲਾਉਣ ਲਈ ਉਸ ਕੋਲੋਂ ਪੁੱਛ-ਪੜਤਾਲ ਕੀਤੇ ਜਾਣ ਦੀ ਲੋੜ ਹੈ, ਜਿਸ ਮਗਰੋਂ ਜੱਜ ਨੇ ਮੁਲਜ਼ਮ ਨੂੰ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਦੀ ਹਿਰਾਸਤ ਵਿੱਚ ਭੇਜ ਦਿੱਤਾ। ਪੁਲੀਸ ਨੇ ਕਿਹਾ ਕਿ ਪੁੱਛ-ਪੜਤਾਲ ਦੌਰਾਨ ਇਹ ਵੀ ਪਤਾ ਲਾਇਆ ਜਾਵੇਗਾ ਕਿ ਦਿੱਲੀ-ਐੱਨਸੀਆਰ ਵਿੱਚ ਹਥਿਆਰਾਂ ਦੀ ਸਪਲਾਈ ਕੌਣ ਕਰਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ 28 ਸਤੰਬਰ ਨੂੰ ਕੌਮੀ ਰਾਜਧਾਨੀ ’ਚ ਗੋਲੀਬਾਰੀ ਦੀਆਂ ਤਿੰਨ ਘਟਨਾਵਾਂ ਵਾਪਰੀਆਂ। ਇਨ੍ਹਾਂ ਵਿੱਚ ਪੱਛਮੀ ਦਿੱਲੀ ਦੇ ਕਾਰ ਸ਼ੋਅਰੂਮ, ਦੱਖਣ-ਪੱਛਮੀ ਦਿੱਲੀ ਦੇ ਹੋਟਲ ਅਤੇ ਮਠਿਆਈ ਦੀ ਦੁਕਾਨ ਨੇੜੇ ਵਾਪਰੀਆਂ ਘਟਨਾਵਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮਠਿਆਈ ਦੀ ਦੁਕਾਨ ਨੇੜੇ ਵਾਪਰੀ ਘਟਨਾ ਵਿੱਚ ਮੋਟਰਸਾਈਕਲ ਸਵਾਰ ਹਥਿਆਰਬੰਦ ਵਿਅਕਤੀਆਂ ਨੇ ਦੁਕਾਨ ਮਾਲਕ ਨੂੰ ਗੈਂਗਸਟਰਾਂ ਦੀਆਂ ਤਸਵੀਰਾਂ ਦਿਖਾ ਕੇ ਧਮਕੀਆਂ ਦਿੱਤੀਆਂ ਸਨ। -ਪੀਟੀਆਈ