ਨਵੀਂ ਦਿੱਲੀ, 15 ਮਈ
ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਕਰੋਨਾ ਲਾਗ ਦੀ ਪਹਿਲੀ ਮਗਰੋਂ ਸਰਕਾਰ, ਪ੍ਰਸ਼ਾਸਨ ਅਤੇ ਲੋਕਾਂ ਸੁਰੱਖਿਆ ਮਾਨਕ ਦੀ ਪ੍ਰਵਾਹ ਨਾ ਕੀਤੇ ਜਾਣ ਕਾਰਨ ਸਾਨੂੰ ਮੌਜੂਦਾ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਮਹਾਮਾਰੀ ਖ਼ਿਲਾਫ਼ ਲੜਨ ਲਈ ਲੋਕਾਂ ਨੂੰ ਸਕਾਰਾਤਮਕ ਅਤੇ ਸਰਗਰਮ ਰਹਿਣ ਦੀ ਅਪੀਲ ਕੀਤੀ ਹੈ। ‘ਪਾਜ਼ਟੇਵਿਟੀ ਅਨਲਿਮੀਟਿਡ’ ਭਾਸ਼ਣਾਂ ਦੀ ਲੜੀ ਤਹਿਤ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਕਿ ਇਸ ਪਰਖ ਦੀ ਘੜੀ ’ਚ ਦੇਸ਼ ਨੂੰ ਇੱਕਜੁਟ ਰਹਿਣਾ ਚਾਹੀਦਾ ਹੈ ਅਤੇ ਇੱਕ-ਦੂਜੇ ’ਤੇ ਉਂਗਲ ਚੁੱਕਣ ਦੀ ਬਜਾਏ ਇੱਕ ਟੀਮ ਵਾਂਗ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਅਸੀਂ ਇਸ ਸਥਿਤੀ ਦਾ ਸਾਹਮਣਾ ਇਸ ਕਰਕੇ ਕਰ ਰਹੇ ਹਾਂ ਕਿਉਂਕਿ, ਭਾਵੇਂ ਉਹ ਸਰਕਾਰ, ਲੋਕ ਜਾਂ ਪ੍ਰਸ਼ਾਸਨ ਹੋਵੇ, ਹਰ ਕਿਸੇ ਨੇ ਡਾਕਟਰਾਂ ਦੀ ਚਿਤਾਵਨੀ ਦੇ ਬਾਵਜੂਦ ਇਹਤਿਆਤ ਵਰਤਣੀ ਛੱਡ ਦਿੱਤੀ।’ ਭਾਗਵਤ ਨੇ ਕਿਹਾ ਕਿ ਭਾਵੇਂ ਕਰੋਨਾ ਦੀ ਤੀਜੀ ਲਹਿਰ ਆਉਣ ਬਾਰੇ ਚਰਚਾਵਾਂ ਹਨ ਪਰ, ‘ਸਾਨੂੰ ਡਰਨ ਦੀ ਲੋੜ ਨਹੀਂ। ਅਸੀਂ ਪਹਾੜ ਵਾਂਗ ਡਟ ਕੇ ਖੜ੍ਹਾਂਗੇ।’ ਉਨ੍ਹਾਂ ਕਿਹਾ, ‘ਮੌਜੂਦਾ ਹਾਲਾਤ ’ਚ ਸਾਨੂੰ ਸਕਾਰਾਤਮਕ ਰਹਿਣ ਚਾਹੀਦਾ ਹੈ ਅਤੇ ਕਰੋਨਾ ਲਾਗ ਤੋਂ ਬਚਾਅ ਲਈ ਇਹਤਿਆਤ ਵਰਤਣੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਜਿੱਤ ਜਾਂ ਹਾਰ ਅੰਤਿਮ ਨਹੀਂ ਹਨ। ਸਾਨੂੰ ਹੌਂਸਲਾ ਨਹੀਂ ਛੱਡਣਾ ਚਾਹੀਦਾ ਅਤੇ ਇਸ ਦਾ ਠੋਸ ਹੱਲ ਲੱਭਣ ਦੀ ਲੋੜ ਹੈ। -ਪੀਟੀਆਈ