ਨਵੀਂ ਦਿੱਲੀ, 1 ਜੂਨ
ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਵਿੱਤੀ ਵਰ੍ਹੇ 2020-21 ਦੌਰਾਨ ਅਰਥਚਾਰੇ ’ਚ 7.3 ਫੀਸਦ ਗਿਰਾਵਟ ਦਰਜ ਕੀਤੇ ਜਾਣ ’ਤੇ ਚਿੰਤਾ ਜ਼ਾਹਿਰ ਕਰਦਿਆਂ ਅੱਜ ਕਿਹਾ ਕਿ 2021-22 ’ਚ ਅਜਿਹੇ ਹਾਲਾਤ ਤੋਂ ਬਚਣਾ ਹੈ ਤਾਂ ਸਰਕਾਰ ਨੂੰ ਆਪਣੀਆਂ ਗਲਤੀਆਂ ਸਵੀਕਾਰ ਕਰਦਿਆਂ ਵਿਰੋਧੀ ਧਿਰ ਤੇ ਅਰਥ ਸ਼ਾਸਤਰੀਆਂ ਦੀ ਸਲਾਹ ਸੁਣਨੀ ਚਾਹੀਦੀ ਹੈ। ਸਾਬਕਾ ਵਿੱਤ ਮੰਤਰੀ ਨੇ ਅਰਥਚਾਰੇ ਦੇ ਲਿਹਾਜ਼ ਨਾਲ 2020-21 ਨੂੰ ਲੰਘੇ ਚਾਰ ਦਹਾਕਿਆਂ ਦਾ ਸਭ ਤੋਂ ਹਨੇਰਾ ਵਰ੍ਹਾ ਕਰਾਰ ਦਿੱਤਾ ਅਤੇ ਇਹ ਵੀ ਦੋਸ਼ ਲਾਇਆ ਕਿ ਕਰੋਨਾ ਮਹਾਮਾਰੀ ਦੇ ਨਾਲ ਹੀ ਸਰਕਾਰ ਦੀਆਂ ਮਾੜੀਆਂ ਤੇ ਅਸਮਰੱਥ ਆਰਥਿਕ ਨੀਤੀਆਂ ਕਾਰਨ ਹਾਲਾਤ ਹੋਰ ਵਿਗੜ ਗਏ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਜਿਸ ਦਾ ਅਨੁਮਾਨ ਸੀ, ਉਹੀ ਹੋਇਆ। ਪਿਛਲੇ ਵਿੱਤੀ ਵਰ੍ਹੇ ਦੌਰਾਨ ਅਰਥਚਾਰੇ ’ਚ 7.3 ਫੀਸਦ ਗਿਰਾਵਟ ਦਰਜ ਕੀਤੀ ਗਈ।’ ਉਨ੍ਹਾਂ ਦਾਅਵਾ ਕੀਤਾ, ‘ਸਾਲ 2020-21 ਪਿਛਲੇ ਚਾਰ ਦਹਾਕਿਆਂ ’ਚ ਦੇਸ਼ ਦੇ ਅਰਥਚਾਰੇ ਦਾ ਸਭ ਤੋਂ ਹਨੇਰਾ ਵਰ੍ਹਾ ਰਿਹਾ ਹੈ। ਚਾਰੋਂ ਤਿਮਾਹੀਆਂ ਦੇ ਅੰਕੜੇ ਅਰਥਚਾਰੇ ਦੀ ਕਹਾਣੀ ਬਿਆਨ ਕਰਦੇ ਹਨ।’ ਚਿਦੰਬਰਮ ਨੇ ਕਿਹਾ, ‘ਪਿਛਲੇ ਸਾਲ ਜਦੋਂ ਕਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਮੱਠੀ ਪੈਂਦੀ ਨਜ਼ਰ ਆਈ ਤਾਂ ਵਿੱਤ ਮੰਤਰੀ ਤੇ ਮੁੱਖ ਆਰਥਿਕ ਸਲਾਹਕਾਰ ਅਰਥਚਾਰੇ ਨੂੰ ਲੀਹ ’ਤੇ ਲਿਆਉਣ ਦੀਆਂ ਗੱਲਾਂ ਕਰਨ ਲੱਗੇ। ਅਸੀਂ ਕਿਹਾ ਸੀ ਕਿ ਅਰਥਚਾਰੇ ਨੂੰ ਵਿੱਤੀ ਪੈਕੇਜ ਦੀ ਮਜ਼ਬੂਤ ਮਦਦ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਸਭ ਤੋਂ ਚਿੰਤਾ ਦੀ ਗੱਲ ਤਾਂ ਇਹ ਹੈ ਕਿ ਪ੍ਰਤੀ ਵਿਅਕਤੀ ਜੀਡੀਪੀ ਇੱਕ ਲੱਖ ਰੁਪਏ ਤੋਂ ਹੇਠਾਂ ਚਲੀ ਗਈ ਹੈ।
ਚਿਦੰਬਰਮ ਨੇ ਦੋਸ਼ ਲਾਇਆ, ‘ਲਾਜ਼ਮੀ ਤੌਰ ’ਤੇ ਕਰੋਨਾ ਮਹਾਮਾਰੀ ਦਾ ਅਰਥਚਾਰੇ ’ਤੇ ਵੱਡਾ ਅਸਰ ਪਿਆ ਹੈ ਪਰ ਮਾੜੇ ਤੇ ਅਸਮਰੱਥ ਪ੍ਰਬੰਧਨ ਨੇ ਅਰਥਚਾਰੇ ਦੀ ਸਥਿਤੀ ਨੂੰ ਹੋਰ ਵਿਗਾੜ ਦਿੱਤਾ।’ ਉਨ੍ਹਾਂ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ। ਇਸ ’ਚ ਪਹਿਲੀ ਲਹਿਰ ਮੁਕਾਬਲੇ ਕੇਸਾਂ ਤੇ ਮੌਤਾਂ ਦੀ ਗਿਣਤੀ ਦੇ ਲਿਹਾਜ਼ ਨਾਲ ਵੱਧ ਨੁਕਸਾਨ ਹੋਇਆ ਹੈ। ਜੇਕਰ 2021-22 ਨੂੰ 2020-21 ਦੀ ਤਰ੍ਹਾਂ ਨਹੀਂ ਹੋਣ ਦੇਣਾ ਤਾਂ ਸਰਕਾਰ ਨੂੰ ਜਾਗਣਾ ਚਾਹੀਦਾ ਹੈ, ਆਪਣੀਆਂ ਗਲਤੀਆਂ ਸਵੀਕਾਰ ਕਰਨੀਆਂ ਚਾਹੀਦੀਆਂ ਹਨ, ਆਪਣੀਆਂ ਨੀਤੀਆਂ ਬਦਲਣੀਆਂ ਚਾਹੀਦੀਆਂ ਹਨ ਤੇ ਵਿਰੋਧੀ ਧਿਰ ਤੇ ਅਰਥਸ਼ਾਸਤਰੀਆਂ ਦੀ ਸਲਾਹ ਮੰਨਣੀ ਚਾਹੀਦੀ ਹੈ। ਇੱਕ ਸਵਾਲ ਦੇ ਜਵਾਬ ’ਚ ਸਾਬਕਾ ਵਿੱਤ ਮੰਤਰੀ ਨੇ ਕਿਹਾ ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਨੋਟਾਂ ਦੀ ਛਪਾਈ ਹੋਣੀ ਚਾਹੀਦੀ ਹੈ ਤਾਂ ਉਹ ਕਰ ਸਕਦੀ ਹੈ ਕਿਉਂਕਿ ਭਾਰਤ ਸਰਕਾਰ ਕੋਲ ਅਜਿਹਾ ਕਰਨ ਦਾ ਅਧਿਕਾਰ ਹੈ। -ਪੀਟੀਆਈ