ਸ੍ਰੀਨਗਰ, 7 ਨਵੰਬਰ
ਬੰਗਲੁਰੂ ਦੀ ਇਕ ਔਰਤ ਨੇ ਗਠੀਏ ਨੂੰ ਮਾਤ ਦੇ ਕੇ ਕਸ਼ਮੀਰ ਵਿਚ ਉਚਾਈ ਉਤੇ ਸਥਿਤ 50 ਝੀਲਾਂ ਤੱਕ ਪਹੁੰਚਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਹ ਸਾਰੀਆਂ ਸਮੁੰਦਰ ਤਲ ਤੋਂ ਕਰੀਬ 10,000 ਫੁੱਟ ਉਚਾਈ ’ਤੇ ਸਥਿਤ ਹਨ। ਚਾਰ ਮਹੀਨਿਆਂ ਵਿਚ ਅਜਿਹਾ ਕਰ ਕੇ ਨਮਰਤਾ ਨੰਦਿਸ਼ ਨੇ ਇਕ ਕਿਸਮ ਦਾ ਰਿਕਾਰਡ ਹੀ ਬਣਾ ਦਿੱਤਾ ਹੈ। ਉਸ ਨੂੰ ‘ਅਲਪਾਈਨ ਗਰਲ’ ਦਾ ਨਾਂ ਦਿੱਤਾ ਗਿਆ ਹੈ। ਟਰੈਕ ਕਰ ਕੇ ਅਜਿਹਾ ਕਰਨ ਵਾਲੀ ਉਹ ਸ਼ਾਇਦ ਪਹਿਲੀ ਔਰਤ ਹੈ। ਨਮਰਤਾ ਨੇ ਸ਼ੁਰੂਆਤ ਟੁਲੀਅਨ ਝੀਲ ਤੋਂ ਕੀਤੀ ਸੀ ਜੋ ਕਿ ਪੀਰ ਪੰਜਾਲ ਤੇ ਜ਼ੰਸਕਰ ਪਰਬਤੀ ਲੜੀ ਵਿਚਾਲੇ ਪੈਂਦੀ ਹੈ। ਇਹ ਕਸ਼ਮੀਰ ਦੇ ਪਹਿਲਗਾਮ ਇਲਾਕੇ ਵਿਚ ਹੈ। ਇਸ ਤੋਂ ਬਾਅਦ ਉਹ ਅਨੰਤਨਾਗ-ਕਿਸ਼ਤਵਾੜ ਇਲਾਕੇ ਦੀ ਸ਼ਿਲਸਰ ਝੀਲ ਤੱਕ ਅੱਪੜੀ। ਅਲਪਾਈਨ ਝੀਲਾਂ ਉਹ ਹਨ ਜੋ ਸਮੁੰਦਰ ਤਲ ਤੋਂ ਦਸ ਹਜ਼ਾਰ ਫੁੱਟ ਦੀ ਉਚਾਈ ਉਤੇ ਸਥਿਤ ਹਨ। ਨੰਦਿਸ਼ ਨੇ ਕਿਹਾ ਕਿ ਕੁਝ ਵੀ ਪਹਿਲਾਂ ਤੈਅ ਨਹੀਂ ਸੀ। ਇਹ ਮੇਰੇ ਪਤੀ ਅਭਿਸ਼ੇਕ ਦਾ ਵਿਚਾਰ ਸੀ। ਉਹ ਸ੍ਰੀਨਗਰ ਵਿਚ ਜੰਮੀ ਹੋਈ ਡੱਲ ਝੀਲ ਦੇਖਣਾ ਚਾਹੁੰਦੇ ਸਨ। ਜੋੜਾ 26 ਜਨਵਰੀ ਨੂੰ ਕਸ਼ਮੀਰ ਵਾਦੀ ਆ ਗਿਆ ਸੀ ਤੇ ਪੂਰੇ ਸੀਜ਼ਨ ਦੌਰਾਨ ਉਨ੍ਹਾਂ 33 ਝੀਲਾਂ ਸਰ ਕਰਨ ਦਾ ਫ਼ੈਸਲਾ ਕੀਤਾ। ਨੰਦਿਸ਼ ਇਸੇ ਸਾਲ 33 ਸਾਲਾਂ ਦੀ ਹੋਈ ਹੈ। ਝੀਲਾਂ ਸਬੰਧੀ ਉਸ ਨੇ ਪਹਿਲਾਂ ਹੀ ਸਾਰੀ ਜਾਣਕਾਰੀ ਇਕੱਤਰ ਕਰ ਲਈ ਸੀ। ਇਕ ਸੂਚਨਾ ਤਕਨੀਕ ਕੰਪਨੀ ਵਿਚ ਐਚਆਰ ਮੈਨੇਜਰ ਵਜੋਂ ਕੰਮ ਕਰਦੀ ਨਮਰਤਾ ਨੂੰ ਘਰੋਂ ਕੰਮ ਕਰਨ ਦੀ ਸਹੂਲਤ ਮਿਲੀ ਹੋਈ ਸੀ ਜੋ ਕਿ ਟਰੈਕ ਸੀਜ਼ਨ ਦੌਰਾਨ ਆਪਣਾ ਨਿਸ਼ਾਨਾ ਪੂਰਾ ਕਰਨ ਵਿਚ ਉਸ ਦੇ ਕੰਮ ਆਈ। ਉਸ ਨੇ ਕਿਹਾ ਕਿ ਹਫ਼ਤੇ ਦੇ ਅਖੀਰ ਵਿਚ ਉਹ ਬੈਗ ਪੈਕ ਕਰਦੀ ਸੀ ਤੇ ਟਰੈੱਕ ਵਾਲੇ ਗਰੁੱਪ ਨਾਲ ਤੁਰ ਪੈਂਦੀ ਸੀ। ਇਸ ਵਿਚ ਸਥਾਨਕ ਟਰੈਕ ਲੀਡਰ ਸਈਦ ਤਾਹਿਰ ਨੇ ਉਸ ਦੀ ਕਾਫ਼ੀ ਮਦਦ ਕੀਤੀ। ਉਹ ਦਸ ਸਾਲ ਤੋਂ ਟਰੈਕਿੰਗ ਉਦਯੋਗ ਵਿਚ ਕੰਮ ਕਰ ਰਿਹਾ ਹੈ। -ਪੀਟੀਆਈ