ਨਵੀਂ ਦਿੱਲੀ, 1 ਅਕਤੂਬਰ
ਸਰਕਾਰ ਨੇ ਬਿਨਾਂ ਈਥਾਨੌਲ ਦੀ ਮਿਲਾਵਟ ਵਾਲੇ ਪੈਟਰੋਲ ’ਤੇ 2 ਰੁਪਏ ਪ੍ਰਤੀ ਲਿਟਰ ਵਾਧੂ ਆਬਕਾਰੀ ਕਰ ਲਾਉਣ ਦਾ ਫ਼ੈਸਲਾ ਇਕ ਮਹੀਨੇ ਅਤੇ ਬਾਇਓ-ਡੀਜ਼ਲ ਦੀ ਮਿਲਾਵਟ ਤੋਂ ਬਿਨਾਂ ਵਿਕਣ ਵਾਲੇ ਡੀਜ਼ਲ ’ਤੇ ਵਾਧੂ ਆਬਕਾਰੀ ਕਰ ਲਾਉਣ ਦਾ ਫੈਸਲਾ ਛੇ ਮਹੀਨਿਆਂ ਲਈ ਟਾਲ ਦਿੱਤਾ ਹੈ। ਸਰਕਾਰ ਪੈਟਰੋਲੀਅਮ ਦਰਾਮਦ ਵਿੱਚ ਕਟੌਤੀ ਲਈ ਬਿਨਾਂ ਮਿਲਾਵਟ ਵਾਲੇ ਪੈਟਰੋਲ ਅਤੇ ਡੀਜ਼ਲ ’ਤੇ ਵਾਧੂ ਆਬਕਾਰੀ ਕਰ ਲਾਉਣ ਦੀ ਤਿਆਰੀ ਵਿੱਚ ਹੈ ਪਰ ਇਸ ਫੈਸਲੇ ਨੂੰ ਲਾਗੂ ਕਰਨ ਲਈ ਉਦਯੋਗਾਂ ਨੂੰ ਹੋਰ ਸਮਾਂ ਦੇਣ ਦੀ ਕੋਸ਼ਿਸ਼ ਵਜੋਂ ਸਮੇਂ ਸੀਮਾ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਰਾਤ ਨੂੰ ਜਾਰੀ ਇਕ ਗਜਟ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਈਥਾਨੌਲ ਦੀ ਮਿਲਾਵਟ ਤੋਂ ਬਿਨਾਂ ਵਿਕਣ ਵਾਲੇ ਪੈਟਰੋਲ ’ਤੇ ਵਾਧੂ ਆਬਕਾਰੀ ਕਰ ਹੁਣ ਪਹਿਲੀ ਨਵੰਬਰ 2022 ਤੋਂ ਲਾਗੂ ਹੋਵੇਗਾ। ਉੱਧਰ, ਬਾਇਓ-ਡੀਜ਼ਲ ਦੀ ਮਿਲਾਵਟ ਤੋਂ ਬਿਨਾਂ ਵਿਕਣ ਵਾਲੇ ਡੀਜ਼ਲ ’ਤੇ ਇਹ ਆਬਕਾਰੀ ਕਰ ਹੁਣ ਅਪਰੈਲ 2023 ਤੋਂ ਲਾਗੂ ਹੋਵੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅਪਰੈਲ 2022 ਤੋਂ ਸ਼ੁਰੂ ਹੋਏ ਇਸ ਵਿੱਤੀ ਵਰ੍ਹੇ ਦੇ ਆਪਣੇ ਬਜਟ ਵਿੱਚ ਕ੍ਰਮਵਾਰ ਈਥਾਨੌਲ ਅਤੇ ਬਾਇਓ-ਡੀਜ਼ਲ ਦੀ ਮਿਲਾਵਟ ਤੋਂ ਬਿਨਾਂ ਵਿਕਣ ਵਾਲੇ ਪੈਟਰੋਲ ਤੇ ਡੀਜ਼ਲ ’ਤੇ ਦੋ ਰੁਪਏ ਪ੍ਰਤੀ ਲਿਟਰ ਵਾਧੂ ਆਬਕਾਰੀ ਕਰ ਲਾਉਣ ਦਾ ਐਲਾਨ ਕੀਤਾ ਸੀ। ਬਿਨਾਂ ਮਿਲਾਵਟ ਵਾਲੇ ਪੈਟਰੋਲ-ਡੀਜ਼ਲ ’ਤੇ ਇਹ ਵਾਧੂ ਆਬਕਾਰੀ ਕਰ ਹੁਣ ਪਹਿਲੀ ਅਕਤੂਬਰ 2022 ਤੋਂ ਲਾਗੂ ਨਹੀਂ ਹੋਵੇਗਾ ਬਲਕਿ ਹੁਣ ਇਸ ਫੈਸਲੇ ਨੂੰ ਟਾਲ ਦਿੱਤਾ ਗਿਆ ਹੈ। ਹੁਣ ਪੈਟਰੋਲ ’ਤੇ ਇਹ ਵਾਧੂ ਆਬਕਾਰੀ ਕਰ ਪਹਿਲੀ ਨਵੰਬਰ 2022 ਅਤੇ ਡੀਜ਼ਲ ’ਤੇ ਅਪਰੈਲ 2023 ਤੋਂ ਲਾਗੂ ਹੋਵੇਗਾ। -ਪੀਟੀਆਈ
ਏਟੀਐੱਫ ਤੇਲ ਤੇ ਕਮਰਸ਼ੀਅਲ ਸਿਲੰਡਰ ਸਸਤੇ
ਨਵੀਂ ਦਿੱਲੀ: ਜੈੱਟ ਈਂਧਣ (ਏਟੀਐੱਫ) ਦੀ ਕੀਮਤ ਅੱਜ 4.5 ਫ਼ੀਸਦ ਜਦਕਿ ਹੋਟਲਾਂ ਅਤੇ ਰੈਸਤਰਾਂ ਵਿੱਚ ਵਰਤੇ ਜਾਂਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 25.5 ਰੁਪਏ ਘਟੀ ਹੈ। ਸਰਕਾਰੀ ਈਂਧਣ ਥੋਕ ਵਿਕਰੇਤਾਵਾਂ ਵੱਲੋਂ ਕੀਮਤਾਂ ਸਬੰਧੀ ਜਾਰੀ ਨੋਟੀਫਿਕੇਸ਼ਨ ਮੁਤਾਬਕ ਕੌਮੀ ਰਾਜਧਾਨੀ ਵਿੱਚ 19 ਕਿਲੋ ਦੇ ਕਮਰਸ਼ੀਅਲ ਐੱਲਪੀਜੀ ਸਿਲੰਡਰ ਦੀ ਕੀਮਤ 1,885 ਰੁਪਏ ਤੋਂ ਘਟ ਕੇ 1,859 ਰੁਪਏ ਹੋ ਗਈ ਹੈ। ਜੁੂਨ ਤੋਂ ਬਾਅਦ ਕਮਰਸ਼ੀਅਲ ਐੱਲਪੀਜੀ ਦੀ ਕੀਮਤ ਵਿੱਚ ਇਹ ਛੇਵੀਂ ਕਟੌਤੀ ਹੈ। ਇਸ ਨਾਲ ਹੁਣ ਤੱਕ 19 ਕਿਲੋ ਵਾਲੇ ਸਿਲੰਡਰ ਦੀ ਕੀਮਤ 494 ਰੁਪਏ ਘਟ ਚੁੱਕੀ ਹੈ। ਏਵੀਏਸ਼ਨ ਟਰਬਾਈਨ ਫਿਊਲ (ਏਟੀਐੱਫ) ਦੀ ਕੀਮਤ ਵਿੱਚ 5,521.17 ਰੁਪਏ ਜਾਂ 4.5 ਫ਼ੀਸਦ ਕਟੌਤੀ ਕੀਤੀ ਗਈ ਹੈ। -ਪੀਟੀਆਈ