ਨਵੀਂ ਦਿੱਲੀ, 8 ਸਤੰਬਰ
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੇ ਭਾਰਤ ਨੂੰ ਦੁਨੀਆ ਦਾ ਇਕ ਮੁਲਕ ਤੇ ਬਹੁ-ਪੱਖੀ ਪ੍ਰਬੰਧ ਦਾ ਅਹਿਮ ਭਾਈਵਾਲ ਕਰਾਰ ਦਿੱਤਾ ਅਤੇ ਕਿਹਾ ਕਿ ਉਸ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦਾ ਮੈਂਬਰ ਬਣਾਉਣਾ ਸੰਸਥਾ ਦੇ ਮੈਂਬਰਾਂ ’ਤੇ ਨਿਰਭਰ ਕਰਦਾ ਹੈ। ਗੁਟੇਰੇਜ਼ ਨੇ ਕਿਹਾ ਕਿ ਇਹ ਫ਼ੈਸਲਾ ਉਨ੍ਹਾਂ ਨੇ ਨਹੀਂ ਲੈਣਾ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਭਾਰਤ ਦੀ ਜੀ-20 ਦੀ ਪ੍ਰਧਾਨਗੀ ਉਨ੍ਹਾਂ ਤਬਦੀਲੀਆਂ ਨੂੰ ਅੱਗੇ ਵਧਾਉਣ ’ਚ ਮਦਦ ਕਰੇਗੀ ਜਿਨ੍ਹਾਂ ਦੀ ਦੁਨੀਆ ਨੂੰ ਸਖਤ ਜ਼ਰੂਰਤ ਹੈ। ਉਨ੍ਹਾਂ ਦੁਨੀਆ ’ਚ ਵਧ ਰਹੀ ਵੰਡ ਅਤੇ ਘਟਦੇ ਵਿਸ਼ਵਾਸ ਦੀ ਤਬਾਹੀ ਪ੍ਰਤੀ ਵੀ ਚੌਕਸ ਕੀਤਾ। ਜੀ-20 ਸਿਖਰ ਸੰਮੇਲਨ ਤੋਂ ਪਹਿਲਾਂ ਇੱਥੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮਹਾਉਪਨਿਸ਼ਦ ਤੋਂ ਪ੍ਰੇਰਿਤ ਜੀ-20 ਦੇ ਥੀਮ ਵਜੋਂ ਭਾਰਤ ਵੱਲੋਂ ਅਪਣਾਇਆ ਗਿਆ ‘ਇੱਕ ਧਰਤੀ, ਇੱਕ ਪਰਿਵਾਰ ਤੇ ਇੱਕ ਭਵਿੱਖ’ ਦਾ ਨਾਅਰਾ ਅੱਜ ਦੀ ਦੁਨੀਆ ਲਈ ਅਹਿਮੀਅਤ ਰੱਖਦਾ ਹੈ। ਉਨ੍ਹਾਂ ਕਿਹਾ, ‘‘ਜੇਕਰ ਅਸੀਂ ਅਸਲ ਵਿੱਚ ਇੱਕ ਆਲਮੀ ਪਰਿਵਾਰ ਹਾਂ ਤਾਂ ਵੀ ਅੱਜ ਇੱਕ ਵੰਡੇ ਹੋਏ ਪਰਿਵਾਰ ਦੀ ਤਰ੍ਹਾਂ ਦਿਖਾਈ ਦਿੰਦੇ ਹਾਂ।’’ ਉਨ੍ਹਾਂ ਕਿਹਾ, ‘‘ਮੈਨੂੰ ਉਮੀਦ ਹੈ ਕਿ ਭਾਰਤ ਦੀ ਜੀ-20 ਦੀ ਪ੍ਰਧਾਨਗੀ ਉਨ੍ਹਾਂ ਤਬਦੀਲੀਆਂ ਨੂੰ ਅੱਗੇ ਵਧਾਉਣ ’ਚ ਮਦਦ ਕਰੇਗੀ ਜਿਨ੍ਹਾਂ ਦੀ ਸਾਡੀ ਦੁਨੀਆ ਨੂੰ ਸਖ਼ਤ ਜ਼ਰੂਰਤ ਹੈ।’’ -ਪੀਟੀਆਈ