ਸਤਨਾ (ਮੱਧ ਪ੍ਰਦੇਸ਼): ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਦੇ ਇੱਕ ਸਰਕਾਰੀ ਡਾਕਟਰ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਨੁਸਖਾ ਲਿਖਣ ਵੇਲੇ ਸਭ ਤੋਂ ਉਪਰ ਹਿੰਦੀ ਵਿੱਚ ‘ਸ੍ਰੀ ਹਰੀ’ ਲਿਖਣ ਬਾਰੇ ਕੀਤੀ ਗਈ ਟਿੱਪਣੀ ਨੂੰ ਅਮਲ ਵਿੱਚ ਲਿਆਂਦਾ ਹੈ। ਕੋਟਾਰ ਪਿੰਡ ਦੇ ਇੱਕ ਪ੍ਰਾਇਮਰੀ ਹੈਲਥ ਸੈਂਟਰ (ਪੀਐੱਚਸੀ) ਦੇ ਮੈਡੀਕਲ ਅਫਸਰ ਡਾ. ਸਰਵੇਸ਼ ਸਿੰਘ ਵੱਲੋਂ ਲਿਖਿਆ ਇੱਕ ਨੁਸਖਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐੱਮਬੀਬੀਐੱਸ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਹਿੰਦੀ ਵਿੱਚ ਪਾਠ ਪੁਸਤਕਾਂ ਜਾਰੀ ਕੀਤੀਆਂ ਸਨ। ਭੋਪਾਲ ਵਿੱਚ ਹੋਏ ਇਸ ਸਮਾਗਮ ਵਿੱਚ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਸੀ ਕਿ ਡਾਕਟਰ ਨੁਸਖੇ ਦੀਆਂ ਪਰਚੀਆਂ ਦੇ ਉੱਪਰ ਆਰਐਕਸ (ਲਾਤੀਨੀ ਸ਼ਬਦ ਤੋਂ ਲਿਆ ਗਿਆ ਪ੍ਰਤੀਕ) ਦੀ ਥਾਂ ‘ਸ੍ਰੀ ਹਰੀ’ ਲਿਖ ਕੇ ਹਿੰਦੀ ਵਿੱਚ ਦਵਾਈਆਂ ਆਦਿ ਲਿਖ ਸਕਦੇ ਹਨ। 2017 ਵਿੱਚ ਐੱਮਬੀਬੀਐੱਸ ਪੂਰੀ ਕਰਨ ਵਾਲੇ ਡਾ. ਸਰਵੇਸ਼ ਸਿੰਘ ਨੇ ਕਿਹਾ ਕਿ ਉਹ ਪਾਠ ਪੁਸਤਕ ਰਿਲੀਜ਼ ਦਾ ਪ੍ਰੋਗਰਾਮ ਲਾਈਵ ਦੇਖ ਰਹੇ ਸਨ ਅਤੇ ਇਸੇ ਦੌਰਾਨ ਉਨ੍ਹਾਂ ਅਜਿਹਾ ਕਰਨ ਦਾ ਫ਼ੈਸਲਾ ਕੀਤਾ ਸੀ। -ਪੀਟੀਆਈ