ਨਵੀਂ ਦਿੱਲੀ: ਉਦਯੋਗਾਂ ਤੇ ਘਰੇਲੂ ਵਪਾਰ ਨੂੰ ਉਤਸ਼ਾਹਿਤ ਕਰਨ ਬਾਰੇ ਵਿਭਾਗ ਨੇ ਈ-ਕਾਮਰਸ ਫਰਮਾਂ ਕੋਲੋਂ ਵੇਚੇ ਜਾਣ ਵਾਲੇ ਹਰ ਪ੍ਰੋਡਕਟ ਉਤੇ ‘ਬਣਾਉਣ ਵਾਲੇ ਮੁਲਕ’ ਦਾ ਨਾਂ ਦੱਸਣ ਬਾਰੇ ਰਾਇ ਮੰਗੀ ਹੈ। ਵੀਡੀਓ ਕਾਨਫਰੰਸ ਰਾਹੀਂ ਵਿਭਾਗ ਦੇ ਅਧਿਕਾਰੀਆਂ ਨੇ ਐਮਾਜ਼ੋਨ, ਫਲਿਪਕਾਰਟ, ਸਨੈਪਡੀਲ, ਟਾਟਾ ਕਲਿਕ, ਪੇਅਟੀਐਮ, ਉਡਾਨ ਤੇ ਪੈਪਰਫਰਾਈ ਨਾਲ ਇਹ ਮੁੱਦਾ ਵਿਸਤਾਰ ਵਿਚ ਵਿਚਾਰਿਆ ਹੈ। ਭਾਰਤ ਤੇ ਚੀਨ ਵਿਚਾਲੇ ਲੱਦਾਖ ਵਿਚ ਹੋਏ ਟਕਰਾਅ ਮਗਰੋਂ ਚੀਨੀ ਸਾਮਾਨ ਦੇ ਬਾਈਕਾਟ ਦਾ ਮੁੱਦਾ ਜ਼ੋਰ ਫੜ ਗਿਆ ਹੈ। ਸਰਕਾਰੀ ਖ਼ਰੀਦ ਪੋਰਟਲ ਨੇ ਪਹਿਲਾਂ ਹੀ ਸਪਲਾਇਰ ਤੇ ਵਿਕਰੇਤਾ ਲਈ ਸਾਮਾਨ ਬਣਾਉਣ ਵਾਲੇ ਮੁਲਕ ਦਾ ਨਾਂ ਪੋਰਟਲ ’ਤੇ ਪ੍ਰੋਡਕਟ ਰਜਿਸਟਰ ਕਰਨ ਵੇਲੇ ਦੱਸਣਾ ਲਾਜ਼ਮੀ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਇਸ ਕਦਮ ਨਾਲ ਖ਼ਰੀਦਦਾਰਾਂ ਨੂੰ ਕੋਈ ਵਸਤ ਖ਼ਰੀਦਣ ਵੇਲੇ ਫ਼ੈਸਲਾ ਲੈਣ ਵਿਚ ਸੌਖ ਹੋਵੇਗੀ। ਇਕ ਕੰਪਨੀ ਦੇ ਸੂਤਰ ਮੁਤਾਬਕ ਇਸ ਵਿਚਾਰ ਬਾਰੇ ਕੋਈ ਦੋ ਰਾਇ ਨਹੀਂ ਹੈ, ਪਰ ਤਕਨੀਕੀ ਟੀਮਾਂ ਦੀ ਸਲਾਹ ਮਗਰੋਂ ਇਸ ਨੂੰ ਲਾਗੂ ਕਰਨ ਲਈ ਕੁਝ ਸਮਾਂ ਲੱਗੇਗਾ। ਕੰਪਨੀਆਂ ਨੇ ਵਿਭਾਗ ਨੂੰ ਵਿਕਰੇਤਾ ਦੀ ਰਾਇ ਜਾਣਨ ਦਾ ਸੁਝਾਅ ਵੀ ਦਿੱਤਾ ਹੈ। -ਪੀਟੀਆਈ