ਨਵੀਂ ਦਿੱਲੀ, 6 ਦਸੰਬਰ
ਮੁਲਕ ਦੀ ਆਰਥਿਕ ਵਿਕਾਸ ਦਰ ਅਗਲੇ ਵਿੱਤੀ ਵਰ੍ਹੇ (2021-22) ਦੇ ਅਖੀਰ ਤੱਕ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਤੱਕ ਪਹੁੰਚ ਜਾਵੇਗੀ। ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਅੱਜ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ 2020-21 ’ਚ ਜੀਡੀਪੀ ’ਚ ਗਿਰਾਵਟ ਅੱਠ ਫ਼ੀਸਦ ਤੋਂ ਘੱਟ ਰਹਿਣ ਦਾ ਅਨੁਮਾਨ ਹੈ। ਭਾਰਤੀ ਰਿਜ਼ਰਵ ਬੈਂਕ ਨੇ ਵੀ ਮੌਜੂਦਾ ਵਿੱਤੀ ਵਰ੍ਹੇ ’ਚ ਆਰਥਿਕ ਵਿਕਾਸ ਦਰ ’ਚ ਗਿਰਾਵਟ ਦਾ ਅਨੁਮਾਨ ਸਾਢੇ 9 ਫ਼ੀਸਦ ਤੋਂ ਘਟਾ ਕੇ ਸਾਢੇ 7 ਫ਼ੀਸਦ ਕਰ ਦਿੱਤਾ ਹੈ।
ਸ੍ਰੀ ਰਾਜੀਵ ਕੁਮਾਰ ਨੇ ਕਿਹਾ ਕਿ ਭਾਰਤੀ ਅਰਥਚਾਰੇ ਨੇ ਮੈਨੂਫੈਕਚਰਿੰਗ ਸਰਗਰਮੀਆਂ ਵਧਣ ਨਾਲ ਚਾਲੂ ਵਿੱਤੀ ਵਰ੍ਹੇ ਦੀ ਸਤੰਬਰ ਤਿਮਾਹੀ ’ਚ ਉਮੀਦ ਤੋਂ ਬਿਹਤਰ ਸੁਧਾਰ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੌਜੂਦਾ ਵਿੱਤੀ ਵਰ੍ਹੇ ’ਚ ਹਿੱਸੇੇਦਾਰੀ ਵੇਚ ਕੇ 2.10 ਲੱਖ ਕਰੋੜ ਰੁਪਏ ਉਗਰਾਹੁਣ ਦਾ ਟੀਚਾ ਰੱਖਿਆ ਹੈ। ਇਸ ’ਚੋਂ 1.20 ਲੱਖ ਕਰੋੜ ਰੁਪਏ ਜਨਤਕ ਖੇਤਰ ਦੇ ਅਦਾਰਿਆਂ ’ਚ ਹਿੱਸੇਦਾਰੀ ਦੀ ਵਿਕਰੀ ਤੋਂ ਅਤੇ 90 ਹਜ਼ਾਰ ਕਰੋੜ ਰੁਪਏ ਵਿੱਤੀ ਅਦਾਰਿਆਂ ’ਚ ਸਰਕਾਰੀ ਹਿੱਸੇਦਾਰੀ ਘਟਾ ਕੇ ਵਸੂਲੇ ਜਾਣਗੇ। ਬੈਂਕਿੰਗ ਖੇਤਰ ਦੇ ਸੁਧਾਰਾਂ ਬਾਰੇ ਪੁੱਛੇ ਜਾਣ ’ਤੇ ਨੀਤੀ ਆਯੋਗ ਦੇ ਉਪ ਚੇਅਰਮੈਨ ਨੇ ਕਿਹਾ ਕਿ ਇਸ ਖੇਤਰ ਦਾ ਹੋਰ ਵਿਸਥਾਰ ਕੀਤੇ ਜਾਣ ਅਤੇ ਮੁਕਾਬਲੇਬਾਜ਼ੀ ਵਧਾਉਣ ਦੀ ਲੋੜ ਹੈ। -ਪੀਟੀਆਈ