ਸ਼ਾਹਜਹਾਂਪੁਰ (ਯੂਪੀ), 4 ਸਤੰਬਰ
ਸਰਕਾਰੀ ਕਾਗਜ਼ਾਂ ਵਿੱਚ ‘ਮ੍ਰਿਤਕ’ ਐਲਾਨਿਆ 70 ਸਾਲਾ ਬਜ਼ੁਰਗ ਪਿਛਲੇ ਇੱਕ ਸਾਲ ਤੋਂ ਅਧਿਕਾਰੀਆਂ ਨੂੰ ਇਹ ਸਾਬਤ ਕਰਨ ਲਈ ਜੱਦੋਜਹਿਦ ਕਰ ਰਿਹਾ ਹੈ ਕਿ ਉਹ ਸੱਚਮੁਚ ਜਿਊਂਦਾ ਹੈ। ਤਿਲਹਰ ਦੇ ਪਿੰਡ ਫਤਹਿਪੁਰ ਦੇ ਵਸਨੀਕ ਓਮ ਪ੍ਰਕਾਸ਼ ਨੇ ਇੱਥੇ ਦੱਸਿਆ ਕਿ ਉਹ ਪਿਛਲੇ ਇੱਕ ਸਾਲ ਤੋਂ ਇਹ ਸਾਬਤ ਕਰਨ ਲਈ ਧੱਕੇ ਖਾ ਰਿਹਾ ਹੈ ਕਿ ਉਹ ਜਿਊਂਦਾ ਹੈ। ਉਸਨੇ ਦਾਅਵਾ ਕੀਤਾ ਕਿ ਉਸ ਨੂੰ ਬੁਢਾਪਾ ਪੈਨਸ਼ਨ ਤੋਂ ਵੀ ਵਾਂਝਾ ਕਰ ਦਿੱਤਾ ਗਿਆ ਹੈ।
ਪ੍ਰਕਾਸ਼ ਨੇ ਇੱਥੇ ਸੀਨੀਅਰ ਅਧਿਕਾਰੀਆਂ ਸਾਹਮਣੇ ਕਿਹਾ, ‘‘ਮੈਂ ਬੈਂਕ ਵਿੱਚੋਂ ਪੈਸੇ ਵੀ ਨਹੀਂ ਕਢਵਾ ਸਕਦਾ ਕਿਉਂਕਿ ਸਰਕਾਰੀ ਰਿਕਾਰਡ ਵਿੱਚ ਮੈਂ ਮਰਿਆ ਹੋਇਆ ਹਾਂ। ਮੇਰੀ ਗੰਨੇ ਦੀ ਫ਼ਸਲ ਖ਼ਰਾਬ ਹੋ ਗਈ ਕਿਉਂਕਿ ਪੈਸਿਆਂ ਦੀ ਘਾਟ ਕਾਰਨ ਮੈਂ ਸਿੰਜਾਈ ਨਹੀਂ ਕਰ ਸਕਿਆ। ਹੁਣ ਕੋਈ ਵੀ ਮੇਰੀ ਸਹਾਇਤਾ ਨਹੀਂ ਕਰ ਰਿਹਾ।’’ ਉਨ੍ਹਾਂ ਕਿਹਾ ਕਿ ਲਗਪਗ ਇੱਕ ਸਾਲ ਪਹਿਲਾਂ ਉਸ ਨੂੰ ‘ਮ੍ਰਿਤਕ’ ਐਲਾਨਿਆ ਗਿਆ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਬੁਢਾਪਾ ਪੈਨਸ਼ਨ ਕਢਵਾਉਣ ਲਈ ਗਿਆ ਤਾਂ ਉਸ ਨੂੰ ਕਿਹਾ ਗਿਆ ਕਿ ਉਹ ਤਾਂ ਮਰ ਚੁੱਕਿਆ ਹੈ।
ਉਨ੍ਹਾਂ ਕਿਹਾ, ‘‘ਮੈਂ ਖੰਡ ਮਿੱਲ ਵੱਲੋਂ ਮੇਰੇ ਖਾਤੇ ਵਿੱਚ ਪਾਏ ਗੰਨੇ ਦੇ ਪੈਸੇ ਵੀ ਨਹੀਂ ਕਢਵਾ ਸਕਦਾ।’’
ਤਿਲਹਰ ਦੇ ਤਹਿਸੀਲਦਾਰ (ਮਾਲ ਅਧਿਕਾਰੀ) ਗਿਆਨੇਂਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਹ ਜਾਂਚ ਲਈ ਇੱਕ ਟੀਮ ਓਮ ਪ੍ਰਕਾਸ਼ ਦੇ ਪਿੰਡ ਭੇਜਣਗੇ। ਉਨ੍ਹਾਂ ਕਿਹਾ, ‘‘ਜੇ ਉਨ੍ਹਾਂ ਨੂੰ ਕਾਗਜ਼ਾਂ ਵਿੱਚ ਮ੍ਰਿਤਕ ਐਲਾਨਿਆ ਗਿਆ ਤਾਂ ਇਸ ਗ਼ਲਤੀ ਨੂੰ ਦਰੁਸਤ ਕੀਤਾ ਜਾਵੇਗਾ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।’’ -ਪੀਟੀਆਈ