ਰਾਂਚੀ: ਜੇਐਮਐਮ ਦੇ ਦੁਮਕਾ ਤੋਂ ਵਿਧਾਇਕ ਬਸੰਤ ਸੋਰੇਨ ਨੂੰ ਲਾਭ ਵਾਲੇ ਅਹੁਦੇ ਦੇ ਕੇਸ ਵਿਚ ਅਯੋਗ ਠਹਿਰਾਉਣ ਬਾਰੇ ਚੋਣ ਕਮਿਸ਼ਨ ਨੇ ਆਪਣੀ ਰਾਏ ਝਾਰਖੰਡ ਦੇ ਰਾਜਪਾਲ ਨੂੰ ਭੇਜ ਦਿੱਤੀ ਹੈ। ਜ਼ਿਕਰਯੋਗ ਹੈ ਬਸੰਤ, ਮੁੱਖ ਮੰਤਰੀ ਹੇਮੰਤ ਸੋਰੇਨ ਦੇ ਭਰਾ ਹਨ। ਮੁੱਖ ਮੰਤਰੀ ਖ਼ੁਦ ਵੀ ਲਾਭ ਵਾਲੇ ਅਹੁਦੇ ਦੇ ਕੇਸ ਵਿਚ ਅਯੋਗ ਠਹਿਰਾਏ ਜਾਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਚੋਣ ਕਮਿਸ਼ਨ ਦੇ ਅਧਿਕਾਰੀ ਨੇ ਕਿਹਾ ਕਿ ਰਾਜਪਾਲ ਰਮੇਸ਼ ਬੈਸ ਨੂੰ ਰਾਏ ਦੇ ਦਿੱਤੀ ਗਈ ਹੈ। ਹਾਲਾਂਕਿ ਇਸ ਵਿਚ ਕੀ ਦਰਜ ਕੀਤਾ ਗਿਆ ਹੈ, ਉਸ ਬਾਰੇ ਜਾਣਕਾਰੀ ਨਹੀਂ ਹੈ। ਰਾਜ ਭਵਨ ਵਿਚ ਇਕ ਸੂਤਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਹੇਮੰਤ ਸੋਰੇਨ ਨੇ ਮੁੱਖ ਮੰਤਰੀ ਹੁੰਦਿਆਂ ਕਥਿਤ ਤੌਰ ’ਤੇ ਆਪਣੇ ਨਾਂ ਉਤੇ ਖਾਣਾਂ ਦੀ ਲੀਜ਼ ਲਈ ਸੀ। ਉਨ੍ਹਾਂ ਕੋਲ ਖਾਣ ਮਹਿਕਮਾ ਵੀ ਹੈ। ਦੂਜੇ ਪਾਸੇ ਹੇਮੰਤ ਦੇ ਭਰਾ ਉਤੇ ਇਕ ਮਾਈਨਿੰਗ ਕੰਪਨੀ ਨਾਲ ਆਪਣੇ ਸਬੰਧਾਂ ਨੂੰ ਲੁਕੋਣ ਦਾ ਦੋਸ਼ ਲਾਇਆ ਗਿਆ ਹੈ। ਉਸ ਕੰਪਨੀ ਵਿਚ ਉਹ ਡਾਇਰੈਕਟਰ ਹੈ। -ਪੀਟੀਆਈ