ਮੁੰਬਈ: ਇੱਥੋਂ ਦੇ ਇੱਕ ਚੋਣ ਅਧਿਕਾਰੀ ਨੇ ਅੱਜ ਕਿਹਾ ਕਿ ਇਲੈਕਟ੍ਰੌਨਿਕ ਵੋਟਿੰਗ ਮਸ਼ੀਨ (ਈਵੀਐੱਮ) ਇੱਕ ਆਜ਼ਾਦ ਪ੍ਰਣਾਲੀ ਹੈ ਜਿਸ ਨੂੰ ਅਨਲੌਕ (ਖੋਲ੍ਹਣ) ਕਰਨ ਲਈ ਓਟੀਪੀ (ਵਨ ਟਾਈਮ ਪਾਸਵਰਡ) ਦੀ ਜ਼ਰੂਰਤ ਨਹੀਂ ਪੈਂਦੀ। ਮੁੰਬਈ ਦੇ ਉੱਤਰ ਪੱਛਮ ਸੰਸਦੀ ਹਲਕੇ ਦੇ ਚੋਣ ਅਧਿਕਾਰੀ ਵੰਦਨਾ ਸੂਰਿਆਵੰਸ਼ੀ ਨੇ ਮੋਬਾਈਲ ਫੋਨ-ਈਵੀਐੱਮ ਲਿੰਕ ਸਬੰਧੀ ਖ਼ਬਰ ਦਾ ਖੰਡਨ ਕਰਦਿਆਂ ਇਸ ਨੂੰ ‘ਫਰਜ਼ੀ ਖ਼ਬਰ’ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਖ਼ਬਰ ਪ੍ਰਕਾਸ਼ਤ ਕਰਨ ਵਾਲੇ ਅਖ਼ਬਾਰ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਉਹ ‘ਮਿੱਡ-ਡੇਅ’ ਅਖ਼ਬਾਰ ਵਿੱਚ ਪ੍ਰਕਾਸ਼ਤ ਇੱਕ ਖ਼ਬਰ ’ਤੇ ਪ੍ਰਤੀਕਿਰਿਆ ਦੇ ਰਹੇ ਸਨ। ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੁੰਬਈ ਦੇ ਉੱਤਰ-ਪੱਛਮ ਤੋਂ 48 ਵੋਟਾਂ ਨਾਲ ਜੇਤੂ ਰਹੇ ਸ਼ਿਵ ਸੈਨਾ ਦੇ ਉਮੀਦਵਾਰ ਰਵਿੰਦਰ ਵਾਇਕਰ ਦੇ ਇੱਕ ਰਿਸ਼ਤੇਦਾਰ ਨੇ 4 ਜੂਨ ਨੂੰ ਵੋਟਾਂ ਦੀ ਗਿਣਤੀ ਦੌਰਾਨ ਇੱਕ ਮੋਬਾਈਲ ਫੋਨ ਦੀ ਵਰਤੋਂ ਕੀਤੀ ਸੀ, ਜੋ ਈਵੀਐੱਮ ਨਾਲ ਜੁੜਿਆ ਹੋਇਆ ਸੀ।
ਸੂਰਿਆਵੰਸ਼ੀ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਈਵੀਐੱਮ ਇੱਕ ਆਜ਼ਾਦ ਪ੍ਰਣਾਲੀ ਹੈ ਅਤੇ ਇਸ ਨੂੰ ਅਨਲੌਕ ਕਰਨ ਲਈ ਓਟੀਪੀ ਦੀ ਕੋਈ ਜ਼ਰੂਰਤ ਨਹੀਂ ਹੈ। ਅਸੀਂ ‘ਮਿੱਡ-ਡੇਅ’ ਅਖ਼ਬਾਰ ਨੂੰ ਆਈਪੀਸੀ ਦੀ ਧਾਰਾ 499, 505 ਤਹਿਤ ਮਾਣਹਾਨੀ ਅਤੇ ਝੂਠੀ ਖ਼ਬਰ ਫੈਲਾਉਣ ਸਬੰਧੀ ਨੋਟਿਸ ਜਾਰੀ ਕੀਤਾ ਹੈ।’’ ਉਧਰ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਕੀ ਮੁੰਬਈ ਦੇ ਉੱਤਰ-ਪੱਛਮ ਚੋਣ ਖੇਤਰ ਸਬੰਧੀ ਈਵੀਐੱਮ ਦੀ ਪਵਿੱਤਰਤਾ ’ਤੇ ਸਵਾਲ ਸਿਰਫ਼ ਇਸ ਲਈ ਉਠਾਏ ਜਾ ਰਹੇ ਹਨ ਕਿਉਂਕਿ ਜੇਤੂ ਉਨ੍ਹਾਂ ਦੀ ਪਾਰਟੀ ਸ਼ਿਵ ਸੈਨਾ ਦਾ ਉਮੀਦਵਾਰ ਹੈ।
ਇਸੇ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀਰਾਜ ਚਵਾਨ ਨੇ ਭਾਰਤੀ ਚੋਣ ਕਮਿਸ਼ਨ ਤੋਂ ਮੁੰਬਈ ਉੱਤਰ ਪੱਛਮੀ ਲੋਕ ਸਭਾ ਸੀਟ ਦੇ ਨਤੀਜਿਆਂ ’ਤੇ ਰੋਕ ਲਾਉਣ ਅਤੇ ਇਸ ਮੁੱਦੇ ’ਤੇ ਚਰਚਾ ਕਰਨ ਲਈ ਸਰਬਪਾਰਟੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਹੈ। ਉਧਰ, ਮੁੰਬਈ ਪੁਲੀਸ ਦੇ ਅਧਿਕਾਰੀਆਂ ਨੇ ਚੋਣ ਨਤੀਜਿਆਂ ਦੇ ਐਲਾਨ ਮੌਕੇ ਈਵੀਐੱਮ ਨੂੰ ਮੋਬਾਈਲ ਫੋਨ ਰਾਹੀਂ ਅਨਲੌਕ ਕੀਤੇ ਜਾਣ ਦੀ ਰਿਪੋਰਟ ਨੂੰ ਫਰਜ਼ੀ ਤੇ ਬੇਬੁਨਿਆਦ ਕਰਾਰ ਦਿੱਤਾ ਹੈ।
ਵਨਰਾਈ ਥਾਣੇ ਦੇ ਅਧਿਕਾਰੀ ਨੇ ਕਿਹਾ, ‘‘ਇਹ ਖਬਰ ਫਰਜ਼ੀ ਤੇ ਬੇਬੁਨਿਆਦ ਹੈ। ਕਿਸੇ ਅਧਿਕਾਰੀ ਵੱਲੋਂ ਕੋਈ ਜਾਣਕਾਰੀ (ਈਵੀਐੱਮ ਨੂੰ ਅਨਲੌਕ ਕਰਨ ਵਾਸਤੇ ਓਟੀਪੀ ਲਈ ਮੋਬਾਈਲ ਫੋਨ ਦੀ ਵਰਤੋਂ ਕਰਨ ਸਬੰਧੀ) ਨਹੀਂ
ਦਿੱਤੀ ਗਈ।’’ -ਪੀਟੀਆਈ