ਨਵੀਂ ਦਿੱਲੀ: ਸੇਵਾਮੁਕਤੀ ਫੰਡ ਸੰਸਥਾ ਈਪੀਐੱਫਓ ਨੇ ਅੱਜ ਚਾਲੂ ਵਿੱਤੀ ਵਰ੍ਹੇ 2020-21 ਲਈ ਮੁਲਾਜ਼ਮਾਂ ਦੇ ਈਪੀਐੱਫ ’ਤੇ 8.5 ਫੀਸਦ ਦੀ ਦਰ ਨਾਲ ਵਿਆਜ ਦੇਣ ਦਾ ਫ਼ੈਸਲਾ ਕੀਤਾ ਹੈ। ਈਪੀਐੱਫਓ ਨਾਲ ਪੰਜ ਕਰੋੜ ਤੋਂ ਵੱਧ ਸਰਗਰਮ ਖਾਤਾਧਾਰਕ ਜੁੜੇ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਐਂਪਲਾਈਜ਼ ਪ੍ਰਾਵੀਡੈਂਟ ਫੰਡ ਆਰਗੇਨਾਈਜ਼ੇਸ਼ਨਜ਼ (ਈਪੀਐੱਫਓ) ਦੀ ਸਭ ਤੋਂ ਵੱਡੇ ਫ਼ੈਸਲੇ ਲੈਣ ਵਾਲੀ ਸੰਸਥਾ ਟਰੱਸਟੀਆਂ ਦੇ ਕੇਂਦਰੀ ਬੋਰਡ (ਸੀਬੀਟੀ) ਨੇ ਅੱਜ ਸ੍ਰੀਨਗਰ ’ਚ ਹੋਈ ਮੀਟਿੰਗ ’ਚ ਸਾਲ 2020-21 ਲਈ ਵਿਆਜ ਦਰ 8.5 ਫੀਸਦ ਰੱਖਣ ਦਾ ਫ਼ੈਸਲਾ ਕੀਤਾ ਹੈ। ਕੇਂਦਰੀ ਕਿਰਤ ਤੇ ਰੁਜ਼ਗਾਰ ਰਾਜ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਦੀ ਪ੍ਰਧਾਨਗੀ ਹੇਠ ਸੀਬੀਟੀ ਤੇ ਈਪੀਐੱਫਓ ਦੀ 228ਵੀਂ ਮੀਟਿੰਗ ਅੱਜ ਸ੍ਰੀਨਗਰ ’ਚ ਹੋਈ ਜਿਸ ’ਚ ਇਸ ਸਬੰਧੀ ਫ਼ੈਸਲਾ ਲਿਆ ਗਿਆ ਹੈ। ਸੀਬੀਟੀ ਦਾ ਫ਼ੈਸਲਾ ਪ੍ਰਵਾਨਗੀ ਲਈ ਵਿੱਤ ਮੰਤਰਾਲੇ ਨੂੰ ਭੇਜਿਆ ਜਾਵੇ ਅਤੇ ਵਿੱਤ ਮੰਤਰਾਲੇ ਤੋਂ ਪ੍ਰਵਾਨਗੀ ਮਿਲਣ ਮਗਰੋਂ ਚਾਲੂ ਵਿੱਤੀ ਵਰ੍ਹੇ ਲਈ 8.5 ਫੀਸਦ ਦੀ ਦਰ ਨਾਲ ਵਿਆਜ ਈਪੀਐੱਫਓ ਦੇ ਮੈਂਬਰਾਂ ਦੇ ਖਾਤਿਆਂ ’ਚ ਪਾ ਦਿੱਤਾ ਜਾਵੇਗਾ। ਈਪੀਐੱਫਓ ਦੇ ਟਰੱਸਟੀ ਕੇਈ ਰਘੂਨਾਥਨ ਨੇ ਕਿਹਾ ਕਿ ਵਿੱਤੀ ਵਰ੍ਹੇ 2021 ਲਈ ਈਪੀਐੱਫਓ ਨੇ ਨਕਦੀ ਦਾ ਪ੍ਰਵਾਹ ਵਧਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਕਰਜ਼ਿਆਂ ਤੋਂ ਪ੍ਰਾਪਤ ਹੋਣ ਵਾਲੇ ਵਿਆਜ ਦੇ ਨਾਲ ਨਾਲ ਸ਼ੇਅਰ ਨਿਵੇਸ਼ ਤੋਂ ਪ੍ਰਾਪਤ ਆਮਦਨ ਕਾਰਨ ਈਪੀਐੱਫ ’ਤੇ ਵਿਆਜ਼ ਦਰ 8.5 ਫੀਸਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਜਿਹੇ ਕਿਆਸ ਸਨ ਕਿ ਈਪੀਐੱਫਓ ਇਸ ਵਿੱਤੀ ਵਰ੍ਹੇ ਲਈ ਈਪੀਐੱਫ ’ਤੇ ਵਿਆਜ਼ ਦਰ 8.5 ਫੀਸਦ ਤੋਂ ਘੱਟ ਕਰ ਸਕਦਾ ਹੈ। ਵਿਆਜ ਦਰ ’ਚ ਕਮੀ ਦਾ ਅਨੁਮਾਨ ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਈਪੀਐੱਫਓ ਤੋਂ ਵੱਧ ਮਾਤਰਾ ’ਚ ਰਾਸ਼ੀ ਕੱਢੇ ਜਾਣ ਅਤੇ ਮੈਂਬਰਾਂ ਵੱਲੋਂ ਘੱਟ ਯੋਗਦਾਨ ਦਿੱਤੇ ਜਾਣ ਕਾਰਨ ਲਗਾਇਆ ਜਾ ਰਿਹਾ ਸੀ।
-ਪੀਟੀਆਈ