ਨਵੀਂ ਦਿੱਲੀ, 31 ਮਾਰਚ
ਭਾਰਤ ਤੇ ਅਮਰੀਕਾ ਦੀਆਂ ਤਿੰਨੇ ਸੈਨਾਵਾਂ ਵਿਚਾਲੇ 14 ਰੋਜ਼ਾ ਦੁਵੱਲਾ ਫੌਜੀ ਅਭਿਆਸ ‘ਟਾਈਗਰ ਟ੍ਰਾਇੰਫ-24’ ਅੱਜ ਸਮਾਪਤ ਹੋ ਗਿਆ ਹੈ। 18 ਮਾਰਚ ਨੂੰ ਸ਼ੁਰੂ ਹੋਏ ਇਸ ਅਭਿਆਸ ਦਾ ਮਕਸਦ ਮਨੁੱਖੀ ਸਹਾਇਤਾ ਤੇ ਆਫਤ ਰਾਹਤ ਸੰਚਾਲਨ ਲਈ ਆਪਸੀ ਸਹਿਯੋਗ ਵਿਕਸਿਤ ਕਰਨਾ ਅਤੇ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਵਿਚਾਲੇ ਤੇਜ਼ੀ ਨਾਲ ਆਪਸੀ ਤਾਲਮੇਲ ਨੂੰ ਸਮਰੱਥ ਬਣਾਉਣਾ ਹੈ। ਭਾਰਤੀ ਸੈਨਾ ਦੀ ਇੱਕ ਬਟਾਲੀਆ ਸਮੂਹ ਵਾਲੀ ਟੁੱਕੜੀ ਨੇ ਭਾਰਤੀ ਜਲ ਸੈਨਾ ਅਤੇ ਭਾਰਤੀ ਹਵਾਈ ਸੈਨਾ ਨਾਲ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਅਤੇ ਕਾਕੀਨਾਡਾ ’ਚ ਇਨ੍ਹਾਂ ਮਸ਼ਕਾਂ ਵਿੱਚ ਹਿੱਸਾ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਮਸ਼ਕਾਂ ਦਾ ਸਮਾਪਤੀ ਸਮਾਗਮ 30 ਮਾਰਚ ਨੂੰ ਯੂਐੱਸਐੱਸ ਸਮਰਸੈੱਟ ’ਤੇ ਕਰਵਾਇਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬੰਦਰਗਾਹ ਗੇੜ 18-25 ਮਾਰਚ ਤੱਕ ਵਿਸ਼ਾਖਾਪਟਨਮ ’ਚ ਕਰਵਾਇਆ ਗਿਆ ਸੀ ਅਤੇ ਇਸ ਵਿਚ ਵੱਖ ਵੱਖ ਮੁੱਦਿਆਂ ਬਾਰੇ ਚਰਚਾ ਤੋਂ ਇਲਾਵਾ ਵਿਸ਼ਾ ਮਾਹਿਰਾਂ ਦੇ ਭਾਸ਼ਣ ਤੇ ਖੇਡ ਪ੍ਰੋਗਰਾਮ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਦੋਵਾਂ ਸੈਨਾਵਾਂ ਦੇ ਜਵਾਨਾਂ ਨੇ 25 ਮਾਰਚ ਨੂੰ ਹੋਲੀ ਦਾ ਤਿਉਹਾਰ ਵੀ ਮਨਾਇਆ। ਇਨ੍ਹਾਂ ਮਸ਼ਕਾਂ ਦਾ ਸਮੁੰਦਰੀ ਗੇੜ 26 ਤੋਂ 30 ਮਾਰਚ ਤੱਕ ਹੋਇਆ ਜਿਸ ਦੌਰਾਨ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਨੇ ਸਮੁੰਦਰੀ ਫੌਜੀ ਗਤੀਵਿਧੀਆਂ ’ਚ ਹਿੱਸਾ ਲਿਆ। ਬਿਆਨ ਵਿੱਚ ਕਿਹਾ ਗਿਆ ਕਿ ਭਾਰਤੀ ਸੈਨਾ ਦੀ ਨੁਮਾਇੰਦਗੀ ਹਥਿਆਰਬੰਦ ਬਲਾਂ ਸਮੇਤ ਇੱਕ ਇਨਫੈਂਟਰੀ ਬਟਾਲੀਅਨ ਸਮੂਹ ਵੱਲੋਂ ਕੀਤੀ ਗਈ ਅਤੇ ਭਾਰਤੀ ਹਵਾਈ ਸੈਨਾ ਨੇ ਇੱਕ ਦਰਮਿਆਨਾ ਲਿਫਟ-ਜਹਾਜ਼, ਆਵਾਜਾਈ ਹੈਲੀਕਾਪਟਰ ਅਤੇ ਰੈਪਿਡ ਐਕਸ਼ਨ ਮੈਡੀਕਲ ਟੀਮ ਤਾਇਨਾਤ ਕੀਤੀ ਸੀ। -ਪੀਟੀਆਈ