ਮਥੁਰਾ/ਨਵੀਂ ਦਿੱਲੀ, 2 ਨਵੰਬਰ
ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਤੋਂ ਇਲਾਵਾ ਅੱਜ ਦੇਸ਼ ਭਰ ਵਿੱਚ ਗੋਵਰਧਨ ਪੂਜਾ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ ਮਥੁਰਾ ਦੇ ਠਾਕੁਰ ਦਵਾਰਕਾਧੀਸ਼ ਮੰਦਰ ’ਚ ਗੋਵਰਧਨ ਪੂਜਾ ਦਾ ਤਿਉਹਾਰ ਬੀਤੇ ਦਿਨ ਹੀ ਮਨਾ ਲਿਆ ਗਿਆ ਸੀ। ਅਧਿਕਾਰੀਆਂ ਮੁਤਾਬਕ ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਸ਼ਰਧਾਲੂ ਗੋਵਰਧਨ ਪਰਬਤ ਦੀ ਪਰਿਕਰਮਾ ਲਈ ਨਿਕਲ ਪਏ ਸਨ। ਪਰਿਕਰਮਾ ਕਰਨ ਵਾਲੇ ਸ਼ਰਧਾਲੂਆਂ ’ਚ ਬੱਚੇ, ਬਜ਼ੁਰਗ ਤੇ ਨੌਜਵਾਨਾਂ ਸਮੇਤ ਵੱਡੀ ਗਿਣਤੀ ’ਚ ਮਹਿਲਾਵਾਂ ਸ਼ਾਮਲ ਸਨ।
ਦੂਜੇ ਪਾਸੇ ਜ਼ਿਲ੍ਹਾ ਤੇ ਨਗਰ ਪ੍ਰਸ਼ਾਸਨ ਦੇ ਅਧਿਕਾਰੀ ਵਿਸ਼ਰਾਮ ਘਾਟ ’ਤੇ ਹੋਣ ਵਾਲੇ ਵਿਸ਼ੇਸ਼ ਇਸ਼ਨਾਨ ਦੇ ਪ੍ਰਬੰਧ ਕਰਦੇ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ’ਚ ਆਵਾਜਾਈ ਪ੍ਰਬੰਧ ਸੰਭਾਲਣ ਲਈ 150 ਹੋਰ ਘਾਟਾਂ ’ਤੇ ਨਿਗਰਾਨੀ ਲਈ 500 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪੁਲੀਸ ਅਧਿਕਾਰੀ ਡਾ. ਅਰਵਿੰਦ ਕੁਮਾਰ ਨੇ ਦੱਸਿਆ ਕਿ ਅੱਜ ਰਾਤ ਤੋਂ ਹੀ ਸ਼ਰਧਾਲੂਆਂ ਦੀ ਆਮਦ ਸ਼ੁਰੂ ਹੋ ਜਾਵੇਗੀ, ਇਸ ਲਈ ਅੱਜ ਤੋਂ ਭਲਕ ਤੱਕ ਟਰੈਫਿਕ ਤਬਦੀਲ ਕਰਨ ਦੀ ਯੋਜਨਾ ਲਾਗੂ ਰਹੇਗੀ। ਉਨ੍ਹਾਂ ਦੱਸਿਆ ਕਿ ਘਾਟਾਂ ਵੱਲ ਜਾਣ ਵਾਲੇ ਸਾਰੇ ਮਾਰਗਾਂ ’ਤੇ ਰੋਕਾਂ ਲਾਈਆਂ ਜਾਣਗੀਆਂ ਅਤੇ ਦੋ ਤੇ ਤਿੰਨ ਨਵੰਬਰ ਨੂੰ ਯਮੁਨਾ ਵੱਲ ਜਾਣ ਵਾਲੇ ਹਰ ਮਾਰਗ ’ਤੇ ਵਾਹਨਾਂ ਦੀ ਪਾਬੰਦੀ ਰਹੇਗੀ। ਉਨ੍ਹਾਂ ਦੱਸਿਆ ਕਿ ਸਿਰਫ਼ ਪੈਦਲ ਸ਼ਰਧਾਲੂਆਂ ਨੂੰ ਹੀ ਦਾਖਲਾ ਮਿਲੇਗਾ। ਇਸੇ ਤਰ੍ਹਾਂ ਦੇਸ਼ ਦੇ ਹੋਰ ਵੀ ਕਈ ਸ਼ਹਿਰਾਂ ’ਚ ਗੋਵਰਧਨ ਪੂਜਾ ਦਾ ਤਿਉਹਾਰ ਮਨਾਇਆ ਗਿਆ। -ਪੀਟੀਆਈ