ਹੈਦਰਾਬਾਦ: ਡਾ. ਰੈਡੀ’ਜ਼ ਲੈਬਾਰਟਰੀਜ਼ ਨੇ ਅੱਜ ਦੱਸਿਆ ਕਿ ਉਸ ਨੂੰ ਆਸ ਹੈ ਕਿ ਰੂਸ ਦੀ ਕੋਵਿਡ- 19 ਵੈਕਸੀਨ ਸਪੂਤਨਿਕ V ਦੀ ਪਹਿਲੀ ਖੇਪ ਮਈ ਦੇ ਅਖੀਰ ਤੱਕ ਭਾਰਤ ਆ ਜਾਵੇਗੀ। ਕੰਪਨੀ ਨੂੰ ਭਾਰਤੀ ਡਰੱਗ ਰੈਗੂਲੇਟਰ ਤੋਂ ਸਪੂਤਨਿਕ V ਦੀ ਸੀਮਤ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਮਿਲੀ ਹੈ। ਡਾ. ਰੈੱਡੀ’ਜ਼ ਅਤੇ ਆਰਡੀਆਈਐੱਫ ਨੇ ਸਤੰਬਰ 2020 ਵਿੱਚ ਸਪੂਤਨਿਕ V ਦੇ ਕਲੀਨਿਕਲ ਟਰਾਇਲਾਂ ਲਈ ਇੱਕ ਸਮਝੌਤਾ ਕੀਤਾ ਸੀ। ਕੰਪਨੀ ਕੋਲ ਭਾਰਤ ਵਿੱਚ ਇਸ ਵੈਕਸੀਨ ਦੀਆਂ 12.5 ਕਰੋੜ ਡੋਜ਼ਾਂ ਦੀ ਵੰਡ ਦਾ ਅਧਿਕਾਰ ਹੈ। ਡਾ. ਰੈਡੀ’ਜ਼ ਦੇ ਇੱਕ ਬੁਲਾਰੇ ਨੇ ਇੱਕ ਈ-ਮੇਲ ਦੇ ਜੁਆਬ ਵਿੱਚ ਪੀਟੀਆਈ ਨੂੰ ਦੱਸਿਆ,‘ਅਸੀਂ ਪਹਿਲੀ ਖੇਪ ਨੂੰ ਚਾਲੂ ਤਿਮਾਹੀ ਵਿੱਚ ਬਰਾਮਦ ਕਰਨ ਦਾ ਯਤਨ ਕਰ ਰਹੇ ਹਾਂ ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਹ ਮਈ ਦੇ ਅਖੀਰ ਤੱਕ ਪੁੱਜ ਜਾਵੇਗੀ।’ ਆਰਡੀਆਈਐੱਫ ਦੇ ਸੀਈਓ ਕਿਰਿਲ ਦਿਮਿਤਰੀਏਵ ਨੇ ਵਰਚੁਅਲ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਜਲਦੀ ਹੀ ਭਾਰਤ ਵਿੱਚ ਪੰਜ ਕਰੋੜ ਤੋਂ ਵੱਧ ਸਪੂਤਨਿਕ ਵੈਕਸੀਨ ਦਾ ਉਤਪਾਦਨ ਹੋਵੇਗਾ। -ਪੀਟੀਆਈ