ਕੋਚੀ, 22 ਅਕਤੂਬਰ
ਭਾਰਤੀ ਜਲ ਸੈਨਾ ਦੀਆਂ ਤਿੰਨ ਮਹਿਲਾ ਪਾਇਲਟਾਂ ਦਾ ਪਹਿਲਾ ਬੈਚ ਡੋਰਨੀਅਰ ਹਵਾਈ ਜਹਾਜ਼ ’ਚ ਸਮੁੰਦਰੀ ਸੁਰੱਖਿਆ ਨਾਲ ਸਬੰਧਤ ਮਿਸ਼ਨ ’ਤੇ ਜਾਣ ਲਈ ਤਿਆਰ ਹੈ।
ਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਲੈਫਟੀਨੈਂਟ ਦਿਵਿਆ ਸ਼ਰਮਾ, ਲੈਫਟੀਨੈਂਟ ਸ਼ੁਭਾਂਗੀ ਸਵਰੂਪ ਤੇ ਲੈਫਟੀਨੈਂਟ ਸ਼ਿਵਾਂਗੀ ਡੋਰਨੀਅਰ ਹਵਾਈ ਜਹਾਜ਼ ਰਾਹੀਂ ਇਸ ਸਮੁੰਦਰੀ ਮਿਸ਼ਨ ’ਤੇ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਮਹਿਲਾ ਪਾਇਲਟ ਦੱਖਣੀ ਜਲ ਸੈਨਾ ਕਮਾਂਡ ਦੀ ਅਗਵਾਈ ਹੇਠ ਮਿਸ਼ਨ ’ਚ ਸ਼ਾਮਲ ਹੋਣਗੀਆਂ। ਬੁਲਾਰੇ ਨੇ ਦੱਸਿਆ ਕਿ ਇਹ ਤਿੰਨੋਂ ਮਹਿਲਾ ਪਾਇਲਟ ਉਨ੍ਹਾਂ 6 ਪਾਇਲਟਾਂ ’ਚ ਸ਼ਾਮਲ ਸਨ ਜਿਨ੍ਹਾਂ ਨੇ 27ਵੀਂ ਡੋਰਨੀਅਰ ਉਡਾਣ ਸਿਖਲਾਈ ਕੋਰਸ ਪੂਰਾ ਕੀਤਾ ਹੈ। ਲੈਫਟੀਨੈਂਟ ਦਿਵਿਆ ਸ਼ਰਮਾ ਨਵੀਂ ਦਿੱਲੀ ਦੇ ਮਾਲਵੀਆ ਨਗਰ ਦੀ ਰਹਿਣ ਵਾਲੀ ਹੈ ਜਦਕਿ ਸ਼ੁਭਾਂਗੀ ਸਵਰੂਪ ਉੱਤਰ ਪ੍ਰਦੇਸ਼ ਦੇ ਤਿਲਹਾੜ ਨਾਲ ਸਬੰਧਤ ਹੈ। ਲੈਫਟੀਨੈਂਟ ਸ਼ਿਵਾਂਗੀ ਬਿਹਾਰ ਦੇ ਮੁਜ਼ੱਫਰਨਗਰ ਦੀ ਰਹਿਣ ਵਾਲੀ ਹੈ।
ਇਸੇ ਦੌਰਾਨ ਥਲ ਸੈਨਾ ਮੁਖੀ ਜਨਰਲ ਐੱਮਐੱਮ ਨਰਵਾਣੇ ਨੇ ਅੱਜ ਇੱਥੇ ਆਈਐੱਨਐੱਸ ਕਵਰੱਤੀ ਨੂੰ ਭਾਰਤੀ ਜਲ ਸੈਨਾ ’ਚ ਸ਼ਾਮਲ ਕੀਤਾ ਹੈ। ਆਈਐੱਐੱਸ ਕਵਰੱਤੀ ਪ੍ਰਾਜੈਕਟ 28 (ਕਮਰੋਟਾ ਵਰਗ) ਤਹਿਤ ਸਵਦੇਸ਼ੀ ਚਾਰ ਜਹਾਜ਼ਾਂ ’ਚੋਂ ਆਖਰੀ ਜਹਾਜ਼ ਹੈ ਅਤੇ ਇਸ ਦਾ ਡਿਜ਼ਾਈਨ ਜਲ ਸੈਨਾ ਡਿਜ਼ਾਈਨ ਡਾਇਰੈਕਟੋਰੇਟ ਨੇ ਤਿਆਰ ਕੀਤਾ ਹੈ। ਸਾਰੀਆਂ ਪ੍ਰਣਾਲੀਆਂ ਲਗਾਏ ਜਾਣ ਤੇ ਸਮੁੰਦਰ ’ਚ ਅਜ਼ਮਾਇਸ਼ ਮਗਰੋਂ ਇਸ ਨੂੰ ਜਲ ਸੈਨਾ ’ਚ ਸ਼ਾਮਲ ਕੀਤਾ ਗਿਆ ਹੈ। ਆਈਐੱਨਐੱਸ ਕਵਰੱਤੀ ਆਧੁਨਿਕ ਹਥਿਆਰਾਂ ਨਾਲ ਲੈਸ ਹੈ ਤੇ ਇਹ ਸੈਂਸਰ ਰਾਹੀਂ ਪਣਡੁੱਬੀਆਂ ਦਾ ਪਤਾ ਲਾਉਣ ਦੇ ਸਮਰੱਥ ਹੈ। ਜਲ ਸੈਨਾ ਅਨੁਸਾਰ ਇਸ ਜਹਾਜ਼ ’ਚ 90 ਫੀਸਦ ਤੱਕ ਸਵਦੇਸ਼ੀ ਸਾਮਾਨ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਦੇ ਢਾਂਚਾ ਨਿਰਮਾਣ ’ਚ ਕਾਰਬਨ ਕੰਪੋਜ਼ਿਟ ਦੀ ਵਰਤੋਂ ਕੀਤੀ ਗਈ ਹੈ। -ਪੀਟੀਆਈ