ਜੰਮੂ, 29 ਜੂਨ
ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸਾਲਾਨਾ ਅਮਰਨਾਥ ਯਾਤਰਾ ਲਈ ਭਗਵਤੀ ਨਗਰ ਦੇ ਬੇਸ ਕੈਂਪ ਤੋਂ 4890 ਸ਼ਰਧਾਲੂਆਂ ਦੇ ਪਹਿਲੇ ਬੈਚ ਨੂੰ ਝੰਡੀ ਦਿਖਾਈ ਜੋ ਕਸ਼ਮੀਰ ’ਚ ਪਹਿਲਗਾਮ ਅਤੇ ਬਾਲਟਾਲ ਕੈਂਪਾਂ ਲਈ ਰਵਾਨਾ ਹੋਏ ਹਨ। ਇਨ੍ਹਾਂ ਦੋਵੇਂ ਕੈਂਪਾਂ ਤੋਂ ਭਲਕੇ 43 ਦਿਨਾਂ ਦੀ ਯਾਤਰਾ ਸ਼ੁਰੂ ਹੋਵੇਗੀ ਜੋ 11 ਅਗਸਤ ਨੂੰ ਰੱਖੜੀ ਮੌਕੇ ਸਮਾਪਤ ਹੋਵੇਗੀ। ਸ਼ਰਧਾਲੂ ਇਨ੍ਹਾਂ ਬੇਸ ਕੈਂਪਾਂ ’ਤੇ ਪਹੁੰਚ ਗਏ ਹਨ। ਅਮਰਨਾਥ ਯਾਤਰਾ ਕੋਵਿਡ ਮਹਾਮਾਰੀ ਕਾਰਨ ਦੋ ਸਾਲਾਂ ਦੇ ਵਕਫ਼ੇ ਮਗਰੋਂ ਹੋ ਰਹੀ ਹੈ। ਭਗਵਤੀ ਨਗਰ ਬੇਸ ਕੈਂਪ ਤੋਂ ਸ਼ਰਧਾਲੂਆਂ ਦੇ ਵਾਹਨਾਂ ਦਾ ਕਾਫ਼ਲਾ ਭਾਰੀ ਸੁਰੱਖਿਆ ਹੇਠ ਰਵਾਨਾ ਹੋਇਆ। ਸ਼ਰਧਾਲੂਆਂ ’ਚ ਜੋਸ਼ ਦੇਖਣ ਨੂੰ ਮਿਲਿਆ ਅਤੇ ਉਹ ‘ਬਮ ਬਮ ਭੋਲੇ’ ਅਤੇ ‘ਜੈ ਬਰਫ਼ਾਨੀ ਬਾਬਾ ਕੀ’ ਦੇ ਜੈਕਾਰੇ ਲਗਾ ਰਹੇ ਸਨ। ਉਪ ਰਾਜਪਾਲ ਨੇ ਸ਼ਾਂਤੀ, ਖੁਸ਼ਹਾਲੀ ਅਤੇ ਸ਼ਰਧਾਲੂਆਂ ਦੇ ਸੁਰੱਖਿਅਤ ਸਫ਼ਰ ਦੀ ਕਾਮਨਾ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਸ਼ਰਧਾਲੂਆਂ ਦਾ ਪਹਿਲਾ ਜਥਾ ਸਵੇਰੇ 4 ਵਜੇ ਦੇ ਕਰੀਬ 176 ਵਾਹਨਾਂ ’ਚ ਰਵਾਨਾ ਹੋਇਆ। ਯਾਤਰਾ ਦਾ ਊਧਮਪੁਰ ਅਤੇ ਰਾਮਬਨ ਜ਼ਿਲ੍ਹਿਆਂ ’ਚ ਭਾਰੀ ਸਵਾਗਤ ਕੀਤਾ ਗਿਆ। ਜੰਮੂ ਦੇ ਮੇਅਰ ਚੰਦਰ ਮੋਹਨ ਗੁਪਤਾ ਨੇ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਅਧਿਕਾਰੀਆਂ ਮੁਤਾਬਕ ਅਮਰਨਾਥ ਯਾਤਰਾ ਲਈ ਹੁਣ ਤੱਕ ਤਿੰਨ ਲੱਖ ਤੋਂ ਜ਼ਿਆਦਾ ਸ਼ਰਧਾਲੂਆਂ ਨੇ ਰਜਿਸਟਰੇਸ਼ਨ ਕਰਵਾਈ ਹੈ। ਜੰਮੂ ਦੇ ਐੱਸਐੱਸਪੀ ਚੰਦਨ ਕੋਹਲੀ ਨੇ ਕਿਹਾ ਕਿ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਸ਼ਰਧਾਲੂਆਂ ਦੇ ਵਾਹਨਾਂ ਨੂੰ ਵਿਸ਼ੇਸ਼ ਸਟਿਕਰ ਜਾਰੀ ਕੀਤੇ ਗਏ ਹਨ। -ਪੀਟੀਆਈ
ਸੀਆਰਪੀਐੱਫ ਨੇ ‘ਮਦਦਗਾਰ’ ਬੂਥ ਸਥਾਪਤ ਕੀਤੇ
ਜੰਮੂ: ਅਮਰਨਾਥ ਸ਼ਰਧਾਲੂਆਂ ਦੀ ਸਹਾਇਤਾ ਲਈ ਸੀਆਰਪੀਐੱਫ ਨੇ ਜੰਮੂ ਕਸ਼ਮੀਰ ’ਚ ‘ਮਦਦਗਾਰ’ ਬੂਥ ਸਥਾਪਤ ਕੀਤੇ ਹਨ। ਸੀਆਰਪੀਐੱਫ ਦੇ ਤਰਜਮਾਨ ਨੇ ਕਿਹਾ ਕਿ ਪਵਿੱਤਰ ਅਮਰਨਾਥ ਗੁਫ਼ਾ ਦੇ ਰਾਹ ’ਤੇ ਕਈ ਥਾਵਾਂ ਉਪਰ ਸਹਾਇਤਾ ਡੈਸਕ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਮੁਫ਼ਤ ’ਚ ਇਲਾਜ ਦੇਣ ਲਈ ਮੈਡੀਕਲ ਕੈਂਪ ਵੀ ਲਗਾਏ ਗਏ ਹਨ। -ਪੀਟੀਆਈ
ਕਸ਼ਮੀਰੀਆਂ ਕਾਰਨ ਸ਼ਰਧਾਲੂਆਂ ’ਚ ਸੁਰੱਖਿਆ ਦੀ ਭਾਵਨਾ: ਮਹਬਿੂਬਾ
ਸ੍ਰੀਨਗਰ: ਪੀਡੀਪੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਕਿਹਾ ਹੈ ਕਿ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਕਸ਼ਮੀਰੀਆਂ ਕਾਰਨ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ’ਚ ਸੁਰੱਖਿਆ ਦੀ ਭਾਵਨਾ ਹੈ। ਮਹਬਿੂਬਾ ਨੇ ਟਵੀਟ ਕਰਕੇ ਕਿਹਾ ਕਿ ਦੋ ਸਾਲਾਂ ਬਾਅਦ ਯਾਤਰਾ ਸ਼ੁਰੂ ਹੋ ਰਹੀ ਹੈ ਅਤੇ ਭਰੋਸਾ ਜਤਾਇਆ ਕਿ ਕਸ਼ਮੀਰੀ ਇਸ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਨਗੇ। -ਪੀਟੀਆਈ