ਗਾਜ਼ੀਆਬਾਦ (ਯੂਪੀ), 25 ਸਤੰਬਰ
ਪਹਿਲਾ ਸੀ-295 ਹਵਾਈ ਜਹਾਜ਼ ਅੱਜ ਭਾਰਤੀ ਹਵਾਈ ਫੌਜ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਫੌਜੀ ਸਾਜ਼ੋ-ਸਾਮਾਨ ਲਿਜਾਣ ਦੀ ਸਮਰੱਥਾ ਵਧੇਗੀ। ਭਾਰਤੀ ਹਵਾਈ ਫੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ (ਸੇਵਾਮੁਕਤ) ਆਰ ਕੇ ਐੱਸ ਭਦੌਰੀਆ ਨੇ ਕਿਹਾ ਕਿ ਸੀ-295 ਜਹਾਜ਼ ਦਾ ਸ਼ਾਮਲ ਹੋਣਾ ਹਵਾਈ ਫੌਜ ਲਈ ਨਵੇਂ ਯੁੱਗ ਦੀ ਸ਼ੁਰੂਆਤ ਹੈ ਅਤੇ ਇਹ ਬੇੜਾ ਭਵਿੱਖ ਵਿੱਚ ਫੌਜ ਦੀ ਢੋਅ-ਢੋਆਈ ਸਬੰਧੀ ਸਮਰੱਥਾ ਦੀ ਰੀੜ੍ਹ ਦੀ ਹੱਡੀ ਬਣੇਗਾ। ਉਨ੍ਹਾਂ ਕਿਹਾ ਕਿ ਇਹ ਅਤਿ ਆਧੁਨਿਕ ਤੇ ਵੱਧ ਸਮਰੱਥਾ ਵਾਲਾ ਜਹਾਜ਼ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ਵਿੱਚ ਇੱਥੇ ਹਿੰਡਨ ਹਵਾਈ ਫੌਜ ਸਟੇਸ਼ਨ ’ਤੇ ਕਰਵਾਏ ਪ੍ਰੋਗਰਾਮ ਵਿੱਚ ਸੀ-295 ਨੂੰ ਹਵਾਈ ਫੌਜ ਵਿੱਚ ਸ਼ਾਮਲ ਕੀਤਾ ਗਿਆ। ਬਾਅਦ ਵਿੱਚ ਰੱਖਿਆ ਮੰਤਰੀ ਇਸ ਸਬੰਧੀ ਕਰਵਾਈ ‘ਸਰਵ ਧਰਮ ਪੂਜਾ’ ਵਿੱਚ ਸ਼ਾਮਲ ਹੋਏ। ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਹਵਾਈ ਫੌਜ ਤੇ ਏਅਰਬਸ ਦੇ ਸੀਨੀਅਰ ਅਧਿਕਾਰੀਆਂ ਨਾਲ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਪਹਿਲਾ ਸੀ-295 ਜਹਾਜ਼ ਹਵਾਈ ਫੌਜ ਦੀ ਸਕੁਐਡਰਨ ਨੰਬਰ 11 ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਭਾਰਤੀ ਹਵਾਈ ਫੌਜ ਦੀਆਂ ਸਭ ਤੋਂ ਪੁਰਾਣੀਆਂ ਸਕੁਐਡਰਨਾਂ ਵਿੱਚੋਂ ਇੱਕ ਹੈ ਅਤੇ ਇਸ ਸਮੇਂ ਵਡੋਦਰਾ ਹਵਾਈ ਫੌਜ ਸਟੇਸ਼ਨ ਵਿੱਚ ਇਸ ਦਾ ਬੇਸ ਹੈ। ਦੋ ‘ਸਲਾਈਡਿੰਗ ਸਕ੍ਰੀਨ’ ਮਗਰੋਂ ਜਹਾਜ਼ ਦਾ ਉਦਘਾਟਨ ਕੀਤਾ ਗਿਆ ਹੈ। ਇਨ੍ਹਾਂ ਸਕ੍ਰੀਨਾਂ ’ਤੇ ‘11 ਸਕੁਐਡਰਨ: ਪਾਇਨੀਅਰਜ਼ ਆਫ ਸੀ-295 ਐੱਮਡਬਲਿਊ’ ਤੇ ‘ਰਾਈਨੋਸ: ਦਿ ਟ੍ਰੇਲਬਲੇਜਰਜ਼ ਆਫ ਸੀ-295 ਐੱਮਡਬਲਿਊ ਲਿਖਿਆ ਸੀ।
‘ਏਅਰਬੱਸ ਡਿਫੈਂਸ ਤੇ ਸਪੇਸ ਕੰਪਨੀ’ ਨੇ ਪਹਿਲਾ ਸੀ-295 ਹਵਾਈ ਜਹਾਜ਼ ਭਾਰਤੀ ਹਵਾਈ ਫੌਜ ਦੇ ਮੁਖੀ ਮਾਰਸ਼ਲ ਵੀ ਆਰ ਚੌਧਰੀ ਨੂੰ 13 ਸਤੰਬਰ ਨੂੰ ਸੌਂਪਿਆ ਸੀ। -ਪੀਟੀਆਈ