ਨਵੀਂ ਦਿੱਲੀ, 19 ਜੁਲਾਈ
ਮੁੱਖ ਅੰਸ਼
- ਵਿਰੋਧੀ ਧਿਰ ਦੇ ਹੰਗਾਮੇ ਕਾਰਨ ਮੋਦੀ ਨਾ ਕਰਾ ਸਕੇ ਨਵੇਂ ਮੰਤਰੀਆਂ ਨਾਲ ਜਾਣ-ਪਛਾਣ
- ਖੇਤੀ ਕਾਨੂੰਨ ਤੇ ਤੇਲ ਕੀਮਤਾਂ ਦੇ ਮੁੱਦੇ ’ਤੇ ਸਰਕਾਰ ਘੇਰੀ
ਸੰਸਦ ਦੇ ਮੌਨਸੂਨ ਇਜਲਾਸ ਦਾ ਅੱਜ ਹੰਗਾਮੇਦਾਰ ਆਗਾਜ਼ ਹੋਇਆ। ਵਿਰੋਧੀ ਧਿਰ ਨੇ ਖੇਤੀ ਕਾਨੂੰਨਾਂ ਅਤੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਸਮੇਤ ਹੋਰ ਮੁੱਦਿਆਂ ’ਤੇ ਸਰਕਾਰ ਨੂੰ ਘੇਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਤਰੀ ਮੰਡਲ ’ਚ ਸ਼ਾਮਲ ਨਵੇਂ ਮੰਤਰੀਆਂ ਨਾਲ ਜਾਣ-ਪਛਾਣ ਤੋਂ ਰੋਕ ਦਿੱਤਾ। ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਖੜ੍ਹੇ ਕੀਤੇ ਗਏ ਅੜਿੱਕੇ ਦੀ ਪ੍ਰਧਾਨ ਮੰਤਰੀ ਨੇ ਤਿੱਖੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਉਹ ਇਸ ਤੱਥ ਨੂੰ ਹਜ਼ਮ ਨਹੀਂ ਕਰ ਪਾ ਰਹੇ ਕਿ ਨਵੇਂ ਮੰਤਰੀਆਂ ’ਚ ਵੱਡੇ ਪੱਧਰ ’ਤੇ ਮਹਿਲਾਵਾਂ, ਦਲਿਤ, ਆਦਿਵਾਸੀ ਅਤੇ ਹੋਰ ਪੱਛੜੇ ਵਰਗਾਂ ਦੇ ਲੋਕ ਹਨ। ਲੋਕ ਸਭਾ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਮੈਂਬਰਾਂ ਤੋਂ ਆਸ ਰੱਖੀ ਸੀ ਕਿ ਉਹ ਪੱਛੜੇ ਅਤੇ ਪਿੰਡਾਂ ਤੋਂ ਆਏ ਜ਼ਿਆਦਾਤਰ ਕਿਸਾਨਾਂ ਦੇ ਬੱਚਿਆਂ, ਜੋ ਮੰਤਰੀ ਬਣੇ ਹਨ, ਦਾ ਮੇਜ਼ਾਂ ਥਪਥਪਾ ਕੇ ਜ਼ੋਰਦਾਰ ਸਵਾਗਤ ਕਰਨਗੇ। ‘ਸ਼ਾਇਦ ਕੁਝ ਲੋਕਾਂ ਨੂੰ ਇਹ ਗੱਲ ਪਸੰਦ ਨਹੀਂ ਆਈ ਕਿ ਅਜਿਹੇ ਪਿਛੋਕੜ ਵਾਲੇ ਵਿਅਕਤੀ ਮੰਤਰੀ ਬਣ ਗਏ ਹਨ, ਜਿਸ ਕਾਰਨ ਉਹ ਅਜਿਹਾ ਵਿਵਹਾਰ ਕਰ ਰਹੇ ਹਨ।’ ਉਧਰ ਰਾਜ ਸਭਾ ’ਚ ਵੀ ਵਿਰੋਧੀ ਧਿਰ ਦੇ ਮੈਂਬਰਾਂ ਨੇ ਚੇਅਰਮੈਨ ਦੇ ਆਸਣ ਅੱਗੇ ਆ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਹੰਗਾਮੇ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਪਹਿਲਾਂ ਦੁਪਹਿਰ ਤੱਕ ਅਤੇ ਫਿਰ ਬਾਅਦ ’ਚ ਦਿਨ ਭਰ ਲਈ ਉਠਾ ਦਿੱਤੀ ਗਈ। ਪ੍ਰਧਾਨ ਮੰਤਰੀ ਨੇ ਨਵੇਂ ਮੰਤਰੀਆਂ ਦੀ ਜਾਣ-ਪਛਾਣ ਕਰਾਉਣ ਤੋਂ ਰੋਕਣ ’ਤੇ ਕਿਹਾ,‘‘ਇਹ ਕਿਹੋ ਜਿਹੀ ਮਾਨਸਿਕਤਾ ਹੈ? ਸੰਸਦ ’ਚ ਇਹ ਰਵਾਇਤ ਪਹਿਲੀ ਵਾਰ ਟੁੱਟੀ ਹੈ।’’ ਵਿਰੋਧੀ ਧਿਰ ਦੇ ਮੈਂਬਰਾਂ ਨੇ ਜਦੋਂ ਹੰਗਾਮਾ ਜਾਰੀ ਰੱਖਿਆ ਤਾਂ ਸ੍ਰੀ ਮੋਦੀ ਨੇ ਨਵੇਂ ਬਣਾਏ ਗਏ ਮੰਤਰੀਆਂ ਦੀ ਸੂਚੀ ਸਦਨ ’ਚ ਰੱਖ ਦਿੱਤੀ। ਰਾਜ ਸਭਾ ਦੇ ਨਵੇਂ ਨੇਤਾ ਅਤੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਨਵੇਂ ਮੰਤਰੀਆਂ ਦੀ ਜਾਣ-ਪਛਾਣ ਕਰਾਉਣ ਦੀ ਰਵਾਇਤ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਸਮੇਂ ਤੋਂ ਹੈ। ਉਨ੍ਹਾਂ ਵਿਰੋਧੀ ਮੈਂਬਰਾਂ ਦੇ ਰਵੱਈਏ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਕਦਮ ਜਮਹੂਰੀ ਕਦਰਾਂ-ਕੀਮਤਾਂ ਨੂੰ ਨੁਕਸਾਨ ਪਹੁੰਚਾਏਗਾ। ਇਸ ਤੋਂ ਪਹਿਲਾਂ ਜਦੋਂ ਲੋਕ ਸਭਾ ਸਵੇਰੇ 11 ਵਜੇ ਜੁੜੀ ਤਾਂ ਜ਼ਿਮਨੀ ਚੋਣਾਂ ’ਚ ਜਿੱਤੇ ਚਾਰ ਨਵੇਂ ਮੈਂਬਰਾਂ ਨੇ ਹਲਫ਼ ਲਿਆ। ਜਦੋਂ ਸਪੀਕਰ ਓਮ ਬਿਰਲਾ ਨੇ ਪ੍ਰਧਾਨ ਮੰਤਰੀ ਨੂੰ ਨਵੇਂ ਮੰਤਰੀਆਂ ਨਾਲ ਜਾਣ-ਪਛਾਣ ਕਰਾਉਣ ਲਈ ਕਿਹਾ ਤਾਂ ਕਾਂਗਰਸ ਦੇ ਲੋਕ ਸਭਾ ’ਚ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਅਰਥਚਾਰੇ ਅਤੇ ਵਧਦੀਆਂ ਕੀਮਤਾਂ ਸਮੇਤ ਹੋਰ ਮੁੱਦਿਆਂ ’ਤੇ ਬਹਿਸ ਲਈ ਨੋਟਿਸ ਦਿੱਤੇ ਹਨ। ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਪੋਸਟਰ ਲਹਿਰਾ ਕੇ ਖੇਤੀ ਬਾਰੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਪਟੇਲ ਨੇ ਕਿਹਾ ਕਿ ਇਹ ਮੁੱਦੇ ਬਾਅਦ ’ਚ ਉਠਾਏ ਜਾ ਸਕਦੇ ਹਨ। ਸਪੀਕਰ ਨੇ ਨਵੇਂ ਮੰਤਰੀਆਂ ਦੀ ਜਾਣ-ਪਛਾਣ ਲਈ ਪ੍ਰਧਾਨ ਮੰਤਰੀ ਨੂੰ ਬੋਲਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ। ਸ੍ਰੀ ਬਿਰਲਾ ਨੇ ਕਿਹਾ,‘‘ਤੁਸੀਂ ਵੀ ਸੱਤਾ ’ਚ ਰਹੇ ਹੋ। ਤੁਹਾਨੂੰ ਸਦਨ ਦੀ ਮਰਿਆਦਾ ਭੰਗ ਨਹੀਂ ਕਰਨੀ ਚਾਹੀਦੀ ਹੈ। ਤੁਸੀਂ ਵਧੀਆ ਰਵਾਇਤ ਨੂੰ ਤੋੜ ਰਹੇ ਹੋ। ਇਹ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਇਕ ਮਾੜੀ ਮਿਸਾਲ ਸਥਾਪਤ ਕਰ ਰਹੇ ਹੋ। ਮੈਂ ਅਪੀਲ ਕਰਦਾ ਹਾਂ ਕਿ ਤੁਸੀਂ ਸਦਨ ਦੀ ਮਰਿਆਦਾ ਬਣਾ ਕੇ ਰੱਖੋ।’’ ਹੰਗਾਮੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਰੋਧੀ ਧਿਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸੰਸਦੀ ਕਰੀਅਰ ਦੇ 24 ਵਰ੍ਹਿਆਂ ਦੌਰਾਨ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੂੰ ਨਵੇਂ ਮੰਤਰੀਆਂ ਦੀ ਜਾਣ-ਪਛਾਣ ਨਹੀਂ ਕਰਾਉਣ ਦਿੱਤੀ ਜਾ ਰਹੀ ਹੈ। ਕਾਂਗਰਸ ਦਾ ਨਾਮ ਲੈਂਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਜੋ ਕੁਝ ਕੀਤਾ ਹੈ, ਉਹ ਸਹੀ ਨਹੀਂ ਹੈ। ਸਦਨ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਦਮ ਤੋੜ ਗਏ 40 ਸਾਬਕਾ ਮੈਂਬਰਾਂ ਨੂੰ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ। ਸਪੀਕਰ ਨੇ ਜਦੋਂ ਸ਼ਰਧਾਂਜਲੀਆਂ ਦੇਣੀਆਂ ਸ਼ੁਰੂ ਕੀਤੀਆਂ ਤਾਂ ਵਿਰੋਧੀ ਧਿਰ ਦੇ ਮੈਂਬਰ ਆਪਣੀਆਂ ਸੀਟਾਂ ’ਤੇ ਪਰਤ ਗਏ। ਲੋਕ ਸਭਾ ਵੱਲੋਂ ਆਪਣੇ ਮਰਹੂਮ ਸਾਥੀਆਂ ਦੀ ਯਾਦ ’ਚ ਮੌਨ ਧਾਰਿਆ ਗਿਆ। ਇਸ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ ਦੇ ਕੁਝ ਮੈਂਬਰਾਂ ਨੇ ਕਿਹਾ ਕਿ ਅਦੋਲਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ ਵੀ ਸਦਨ ’ਚ ਸ਼ਰਧਾਂਜਲੀ ਦੇਣੀ ਚਾਹੀਦੀ ਹੈ। ਸਪੀਕਰ ਵੱਲੋਂ ਸਦਨ ’ਚ ਸ਼ਾਂਤੀ ਬਹਾਲੀ ਦੀਆਂ ਕੋਸ਼ਿਸ਼ਾਂ ਜਦੋਂ ਨਾਕਾਮ ਰਹੀਆਂ ਤਾਂ ਉਨ੍ਹਾਂ ਕਰੀਬ 40 ਮਿੰਟਾਂ ਬਾਅਦ ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਬਾਅਦ ’ਚ ਸਦਨ ਜਦੋਂ ਮੁੜ ਜੁੜਿਆ ਤਾਂ ਵਿਰੋਧੀ ਧਿਰ ਨੇ ਹੰਗਾਮਾ ਜਾਰੀ ਰੱਖਿਆ। ਇਸ ’ਤੇ ਸਪੀਕਰ ਦੇ ਆਸਣ ’ਤੇ ਵਿਰਾਜਮਾਨ ਰਾਜੇਂਦਰ ਅਗਰਵਾਲ ਨੇ ਸਾਢੇ 3 ਵਜੇ ਤੱਕ ਕਾਰਵਾਈ ਮੁਲਤਵੀ ਕਰ ਦਿੱਤੀ। ਸਦਨ ਦੀ ਕਾਰਵਾਈ ਜਦੋਂ ਫਿਰ ਸ਼ੁਰੂ ਹੋਈ ਤਾਂ ਮੈਂਬਰਾਂ ਦੇ ਵਿਰੋਧ ਕਾਰਨ ਲੋਕ ਸਭਾ ਭਲਕੇ ਤੱਕ ਲਈ ਉਠਾ ਦਿੱਤੀ ਗਈ। ਉਧਰ ਰਾਜ ਸਭਾ ’ਚ ਚੇਅਰਮੈਨ ਵੈਂਕਈਆ ਨਾਇਡੂ ਨੇ ਵਿਰੋਧੀ ਧਿਰਾਂ ਵੱਲੋਂ ਸਦਨ ਦੀ ਕਾਰਵਾਈ ਰੋਕ ਕੇ ਉਨ੍ਹਾਂ ਵੱਲੋਂ ਦਿੱਤੇ ਗਏ 17 ਵੱਖ ਵੱਖ ਨੋਟਿਸਾਂ ’ਤੇ ਬਹਿਸ ਕਰਾਉਣ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਹ ਅਜੇ ਸੰਭਵ ਨਹੀਂ ਹੈ ਅਤੇ ਯਕੀਨ ਦਿਵਾਇਆ ਕਿ ਇਨ੍ਹਾਂ ਮੁੱਦਿਆਂ ’ਤੇ ਸਮੇਂ ਉਪਰ ਬਹਿਸ ਕਰਵਾਈ ਜਾਵੇਗੀ। ਉਨ੍ਹਾਂ ਵੱਲੋਂ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਮੈਂਬਰਾਂ ਨੇ ਵਿਰੋਧ ਜਾਰੀ ਰੱਖਿਆ ਜਿਸ ਕਾਰਨ ਪਹਿਲਾਂ 2 ਵਜੇ ਅਤੇ ਫਿਰ 3 ਵਜੇ ਤੱਕ ਅਤੇ ਬਾਅਦ ’ਚ ਦਿਨ ਭਰ ਲਈ ਸਦਨ ਉਠਾ ਦਿੱਤਾ ਗਿਆ। -ਪੀਟੀਆਈ