ਤਿਰੂਵਨੰਤਪੁਰਮ, 11 ਮਾਰਚ
ਕੇਰਲਾ ਦੀ ਖੱਬੇ ਪੱਖੀ ਸਰਕਾਰ ਨੇ ਅੱਜ ਪਹਿਲਾ ਪੇਪਰਲੈੱਸ ਬਜਟ ਪੇਸ਼ ਕੀਤਾ। ਬਜਟ ਵਿੱਚ ਸੂਚਨਾ ਤਕਨਾਲੋਜੀ, ਸਨਅਤਾਂ ਤੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਮੋਟੀ ਰਕਮ ਰੱਖੀ ਗਈ ਹੈ। ਸੂਬਾ ਸਰਕਾਰ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਰਕੇ ਅਰਥਚਾਰੇ ਨੂੰ ਲੱਗੀ ਢਾਹ ਦੇ ਬਾਵਜੂਦ ਬਜਟ ਵਿੱਚ ਆਮ ਆਦਮੀ ਉੱਤੇ ਟੈਕਸ ਬੋਝ ਨਹੀਂ ਪਾਇਆ ਗਿਆ। ਆਰਥਿਕ ਸੰਕਟ ਦੇ ਖਾਤਮੇ ਲਈ ਕੁਝ ਐਲਾਨਾਂ ਦੀ ਸੰਭਾਵਨਾ ਦਰਮਿਆਨ ਰਾਜ ਦੇ ਵਿੱਤ ਮੰਤਰੀ ਕੇ.ਐੱਨ.ਬਾਲਾਗੋਪਾਲ ਨੇ ਬੁਨਿਆਦੀ ਜ਼ਮੀਨ ਟੈਕਸ ਨੂੰ ਨਵਿਆਉਣ, ਜ਼ਮੀਨ ਤੇ ਮੋਟਰ ਵਹੀਕਲ ਟੈਕਸ ਦੀਆਂ ਕੀਮਤਾਂ ਵਧਾਉਣ ਤੇ ਪੁਰਾਣੇ ਵਾਹਨਾਂ ’ਤੇ ਗ੍ਰੀਨ ਟੈਕਸ ਲਾਉਣ ਜਿਹੇ ਐਲਾਨ ਕੀਤੇ, ਜਿਸ ਨਾਲ ਸਰਕਾਰੀ ਖ਼ਜ਼ਾਨੇ ਵਿੱਚ ਸਾਲਾਨਾ 350 ਕਰੋੜ ਰੁਪਏ ਦਾ ਮਾਲੀਆ ਆਏਗਾ। ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਬਜਟ ਨੂੰ ਵਿਕਾਸ ਪੱਖੀ ਕਰਾਰ ਦਿੱਤਾ ਹੈ ਜਦੋਂਕਿ ਕਾਂਗਰਸ ਦੀ ਅਗਵਾਈ ਵਾਲੇ ਯੂਡੀਐੱਫ ਨੇ ਬਜਟ ਨੂੰ ਅਸਲੀਅਤ ਤੋਂ ਕੋਹਾਂ ਦੂਰ ਦੱਸਿਆ ਹੈ। ਵਿਜਯਨ ਸਰਕਾਰ ਵੱਲੋਂ ਆਪਣੇ ਦੂਜੇ ਕਾਰਜਕਾਲ ਦੌਰਾਨ ਵਿੱਤੀ ਸਾਲ 2022-23 ਲਈ ਪੇਸ਼ ਪਹਿਲਾ ਮੁਕੰਮਲ ਬਜਟ ਇਸ ਲਈ ਵੀ ਇਤਿਹਾਸਕ ਸੀ ਕਿਉਂਕਿ ਇਹ ਪੇਪਰ ਰਹਿਤ ਸੀ। -ਪੀਟੀਆਈ
ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਲਈ 10 ਕਰੋੜ ਰੱਖੇ
ਤਿਰੂਵਨੰਤਪੁਰਮ: ਕੇਰਲਾ ਸਰਕਾਰ ਨੇ ਰੂਸ-ਯੂਕਰੇਨ ਸੰਕਟ ਦਰਮਿਆਨ ਯੂਕਰੇਨ ਤੋਂ ਪਰਤੇ ਭਾਰਤੀ ਵਿਦਿਆਰਥੀਆਂ ਲਈ ਬਜਟ ਵਿੱਚ 10 ਕਰੋੜ ਰੁਪਏ ਦਾ ਵੱਖਰੇ ਤੌਰ ’ਤੇ ਪ੍ਰਬੰਧ ਕੀਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਜੰਗ ਦੇ ਝੰਬੇ ਯੂਕਰੇਨ ਤੋਂ ਵਾਪਸ ਆਏ ਰਾਜ ਨਾਲ ਸਬੰਧਤ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਗੁਆਚੇ ਸਰਟੀਫਿਕੇਟਾਂ ਤੇ ਹੋਰ ਕੀਮਤੀ ਸਾਮਾਨ ਦੀ ਰਿਕਵਰੀ ਸਮੇਤ ਉਨ੍ਹਾਂ ਦੀ ਪੜ੍ਹਾਈ ਨੂੰ ਜਾਰੀ ਰੱਖਣ ਵਿੱਚ ਹਰ ਸੰਭਵ ਮਦਦ ਮੁਹੱਈਆ ਕਰਵਾਏਗੀ।