ਨਵੀਂ ਦਿੱਲੀ, 21 ਜੂਨ
ਦੇਸ਼ ਭਰ ਦੇ ਲੋਕਾਂ ਨੇ ਅੱਜ ਸਦੀ ਦੇ ਪਹਿਲੇ ਪੂਰਨ ਸੂਰਜ ਗ੍ਰਹਿਣ ਦਾ ਆਨੰਦ ਮਾਣਿਆ ਜੋ ਤਕਰੀਬਨ ਤਿੰਨ ਘੰਟੇ ਤੱਕ ਰਿਹਾ। ਹਾਲਾਂਕਿ ਬੱਦਲਵਾਈ ਕਾਰਨ ਲੋਕਾਂ ਨੂੰ ਨਿਰਾਸ਼ਾ ਵੀ ਹੋਈ। ਦੁਪਹਿਰ ਸਮੇਂ ‘ਰਿੰਗ ਆਫ ਫਾਇਰ’ ਦਿਖਾਈ ਦਿੱਤੀ ਜੋ ਤਕਰੀਬਨ 30 ਸਕਿੰਟ ਵਾਸਤੇ ਰਹੀ ਤੇ ਇਹ ਮੁੱਖ ਤੌਰ ’ਤੇ ਚੰਡੀਗੜ੍ਹ, ਦਿੱਲੀ, ਸ਼ਿਮਲਾ ਤੇ ਜੈਪੁਰ ਤੋਂ ਦਿਖਾਈ ਦਿੱਤੀ। ਇਹ ਇਸ ਦਹਾਕੇ ਦਾ ਆਖਰੀ ਸੂਰਜ ਗ੍ਰਹਿਣ ਸੀ ਅਤੇ ਅਗਲਾ ਸੂਰਜ ਗ੍ਰਹਿਣ 11 ਸਾਲ ਬਾਅਦ 2031 ’ਚ ਹੋਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਸੂਰਜ ਗ੍ਰਹਿਣ ਸਵੇਰੇ ਕਰੀਬ 9 ਵਜੇ ਸ਼ੁਰੂ ਹੋਇਆ। ਦੁਪਹਿਰ ਸਮੇਂ ਜਦੋਂ ਸੂਰਜ, ਚੰਨ ਤੇ ਧਰਤੀ ਇੱਕ ਕਤਾਰ ’ਚ ਆ ਗਏ ਤਾਂ ਲੋਕਾਂ ਨੇ ਸਦੀ ਦੇ ਪਹਿਲੇ ਪੂਰਨ ਸੂਰਜ ਗ੍ਰਹਿਣ ਦੇ ਦਰਸ਼ਨ ਕੀਤੇ। ਇਹ ਸਾਲ ਦਾ ਤੀਜਾ ਗ੍ਰਹਿਣ ਸੀ। ਇਸ ਤੋਂ ਪਹਿਲਾਂ ਜਨਵਰੀ ਤੇ ਜੂਨ ਮਹੀਨੇ ਦੋ ਵਾਰ ਚੰਦਰਮਾ ਗ੍ਰਹਿਣ ਲੱਗ ਚੁੱਕਾ ਹੈ। ਕਰੀਬ ਨੌਂ ਵਜੇ ਸ਼ੁਰੂ ਹੋਇਆ ਸੂਰਜ ਗ੍ਰਹਿਣ ਬਾਅਦ ਦੁਪਹਿਰ 2.28 ਵਜੇ ਤੱਕ ਰਿਹਾ।
ਹਾਲਾਂਕਿ ਦੇਸ਼ ਦੀਆਂ ਬਹੁਤੀਆਂ ਥਾਵਾਂ ’ਤੇ ਅਧੂਰਾ ਸੂਰਜ ਗ੍ਰਹਿਣ ਦਿਖਾਈ ਦਿੱਤਾ ਪਰ ਹਰਿਆਣਾ, ਉੱਤਰਾਖੰਡ ਤੇ ਰਾਜਸਥਾਨ ਦੇ ਕੁਝ ਇਲਾਕਿਆਂ ’ਚ ‘ਰਿੰਗ ਆਫ ਫਾਇਰ’ ਦਿਖਾਈ ਦਿੱਤੀ। ਇਨ੍ਹਾਂ ਥਾਵਾਂ ’ਚ ਦੇਹਰਾਦੂਨ, ਕੁਰੂਕਸ਼ੇਤਰ, ਚਮੋਲੀ, ਜੋਸ਼ੀਮੱਠ, ਸਿਰਸਾ ਤੇ ਸੂਰਤਗੜ੍ਹ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਦੇਸ਼ ਦੇ ਚਾਰ ਮਹਾਨਗਰਾਂ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨੱਈ ’ਚ ਤਕਰੀਬਨ ਤਿੰਨ ਘੰਟੇ ਸੂਰਜ ਗ੍ਰਹਿਣ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਚੰਡੀਗੜ੍ਹ ਵਿੱਚ ਚੰਨ ਨਾਲ ਸੂਰਜ ਦਾ 96.62 ਫੀਸਦ ਹਿੱਸਾ ਢਕਿਆ ਦੇਖਿਆ ਗਿਆ ਜਦਕਿ ਸ਼ਿਮਲਾ ’ਚ 96.46, ਨਵੀਂ ਦਿੱਲੀ ’ਚ 93.77, ਜੈਪੁਰ ’ਚ 88.46, ਜੰਮੂ ’ਚ 87.36, ਈਟਾਨਗਰ ’ਚ 84.46 ਅਤੇ ਲਖਨਊ ’ਚ 84.25 ਫੀਸਦ ਹਿੱਸਾ ਢਕਿਆ ਦੇਖਣ ਨੂੰ ਮਿਲਿਆ। ਖਗੋਲ ਸ਼ਾਸਤਰੀਆਂ ਅਨੁਸਾਰ ਇਹ ਚੌਥਾ ਦੁਰਲੱਭ ਸੂਰਜ ਗ੍ਰਹਿਣ ਸੀ ਜਿਸ ’ਚ ਚੱਕਰਾਕਾਰ ਤੇ ਪੂਰਨ ਸੂਰਜ ਗ੍ਰਹਿਣ ਦਾ ਰਲੇਵਾਂ ਸੀ। ਕਰੋਨਾਵਾਇਰਸ ਦੇ ਮੱਦੇਨਜ਼ਰ ਕੀਤੇ ਗਏ ਲੌਕਡਾਊਨ ਕਾਰਨ ਦੇਸ਼ ਭਰ ਵਿੱਚ ਸੂਰਜ ਗ੍ਰਹਿਣ ਮੌਕੇ ਕੋਈ ਵੀ ਵੱਡਾ ਸਮਾਗਮ ਨਹੀਂ ਕੀਤਾ ਸਕਿਆ। ਦੇਸ਼ ਦੇ ਵੱਡੇ ਮੰਦਰ ਗ੍ਰਹਿਣ ਤੋਂ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਸਨ। ਉੱਤਰਾਖੰਡ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਤੇ ਯਮੁਨੋਤਰੀ ਦੇ ਚਾਰ ਧਾਮ ਲੰਘੀ ਰਾਤ 10.30 ਵਜੇ ਬੰਦ ਕਰ ਦਿੱਤੇ ਗਏ ਸਨ ਤੇ ਸੂਰਜ ਗ੍ਰਹਿਣ ਮੁੱਕਣ ਤੋਂ ਬਾਅਦ ਖੋਲ੍ਹੇ ਗਏ। ਹਰਿਆਣਾ ਦੇ ਕੁਰੂਕਸ਼ੇਤਰ ਵਿਚਲੇ ਬ੍ਰਹਮ ਸਰੋਵਰ ’ਤੇ 200 ਦੇ ਕਰੀਬ ਪੁਰੋਹਿਤਾਂ ਨੇ ਹੀ ਧਾਰਮਿਕ ਸ਼ਲੋਕ ਪੜ੍ਹੇ ਜਦਕਿ ਹਰ ਸੂਰਜ ਗ੍ਰਹਿਣ ਮੌਕੇ ਇੱਥੇ ਲੱਖਾਂ ਲੋਕ ਪਹੁੰਚ ਕੇ ਸਰੋਵਰ ’ਚ ਡੁਬਕੀ ਲਾਉਂਦੇ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਛੋਟੇ-ਮੋਟੇ ਰਸਮ ਰਿਵਾਜ਼ ਕਰਨ ਦੀ ਹੀ ਪ੍ਰਵਾਨਗੀ ਦਿੱਤੀ ਹੋਈ ਸੀ। ਇਤਫਾਕ ਨਾਲ ਅੱਜ ਸਾਲ ਦਾ ਸਭ ਤੋਂ ਲੰਮਾ ਦਿਨ ਵੀ ਸੀ। -ਪੀਟੀਆਈ