ਪ੍ਰਯਾਗਰਾਜ (ਉੱਤਰ ਪ੍ਰਦੇਸ਼): ਆਰਐੱਸਐੱਸ ਦੇ ਕੌਮੀ ਕਾਰਜਕਾਰਨੀ ਬੋਰਡ ਦੀ ਚਾਰ ਰੋਜ਼ਾ ਮੀਟਿੰਗ ਅੱਜ ਗੌਹਾਨੀਆਂ ਵਿੱਚ ਸ਼ੁਰੂ ਹੋ ਗਈ ਜਿਸ ਵਿੱਚ ਸੰਘ ਦੇ ਕੰਮ ਦੇ ਵਿਸਥਾਰ ਤੋਂ ਇਲਾਵਾ ਮੌਜੂਦਾ ਚਲੰਤ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਅਤੇ ਜਨਰਲ ਸਕੱਤਰ ਦੱਤਾਤ੍ਰੇਯ ਹੋਸਬਲੇ ਮੀਟਿੰਗ ਵਿੱਚ ਸ਼ਾਮਲ ਹੋਏ ਅਤੇ ਭਾਰਤ ਮਾਤਾ ਦੇ ਚਿੱਤਰ ’ਤੇ ਫੁੱਲ ਭੇਟ ਕੀਤੇ। ਆਰਐੱਸਐੱਸ ਦੀ ਸ਼ਤਾਬਦੀ ਦੇ ਮੱਦੇਨਜ਼ਰ ਮੀਟਿੰਗ ਵਿੱਚ ਕੰਮ ਦੇ ਵਿਸਥਾਰ ਦੀ ਸਮੀਖਿਆ ਅਤੇ ਚਲੰਤ ਮੁੱਦਿਆਂ ’ਤੇ ਚਰਚਾ ਹੋਵੇਗੀ। ਇਸ ਦੌਰਾਨ ਮੋਹਨ ਭਾਗਵਤ ਵੱਲੋਂ ਨਾਗਪੁਰ ’ਚ ਵਿਜੈ ਦਸ਼ਮੀ ਮੌਕੇ ਆਪਣੇ ਭਾਸ਼ਨ ਵਿੱਚ ਉਠਾਏ ਵੱਖ-ਵੱਖ ਮੁੱਦਿਆਂ ’ਤੇ ਵੀ ਚਰਚਾ ਕੀਤੀ ਜਾਵੇਗੀ। ਆਰਐੱਸਐੱਸ ਮੁਖੀ ਨੇ ਭਾਸ਼ਨ ਵਿੱਚ ਮਾਂ ਬੋਲੀ ਵਿੱਚ ਸਿੱਖਿਆ ਦੇਣ, ਆਬਾਦੀ ਦੇ ਸੰਤੁਲਨ ਅਤੇ ਸਮਾਜਿਕ ਏਕਤਾ ਦੀ ਗੱਲ ਕੀਤੀ ਸੀ। ਮੀਟਿੰਗ ਵਿੱਚ ਅੱਜ ਪਹਿਲੇ ਦਿਨ ਹਾਲੀਆ ਸਮੇਂ ਦੌਰਾਨ ਵਿਛੜੀਆਂ ਕੁਝ ਅਹਿਮ ਸ਼ਖਸੀਅਤਾਂ ਦਵਾਰਕਾ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ, ਪੰਚ ਪੀਠ ਅਧੀਸ਼ਵਰ ਅਚਾਰੀਆ ਧਰਮੇਂਦਰ, ਭਾਰਤ ਦੇ ਸਾਬਕਾ ਚੀਫ਼ ਜਸਟਿਸ ਆਰ.ਸੀ. ਲਹੋਟੀ, ਕਾਮੇਡੀਅਨ-ਅਦਾਕਾਰ ਰਾਜੂ ਸ੍ਰੀਵਾਸਤਵ, ਉਦਯੋਗਪਤੀ ਸਾਇਰਸ ਪੀ. ਮਿਸਤਰੀ, ਪੁਰਾਤੱਤਵ ਵਿਗਿਆਨੀ ਬੀ.ਬੀ. ਲਾਲ ਅਤੇ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਆਦਿ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਆਰਐੱਸਐੱਸ ਦੇ ਪ੍ਰਚਾਰ ਇੰਚਾਰਜ ਸੁਨੀਲ ਅੰਬੇਕਰ ਨੇ ਦੱਸਿਆ ਕਿ ਇਹ ਪ੍ਰੋਗਰਾਮ 19 ਅਕਤੂਬਰ ਤੱਕ ਚੱਲੇਗਾ।