ਗਾਂਧੀਨਗਰ, 17 ਅਕਤੂਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਤੋਂ ਦੇਖਿਆ ਗਿਆ ਹੈ ਕਿ ਅੰਦਰੂਨੀ ਤੇ ਬਾਹਰੀ ਸੁਰੱਖਿਆ ਵਿਚਾਲੇ ਪਾੜਾ ਘਟਦਾ ਜਾ ਰਿਹਾ ਹੈ ਅਤੇ ਕਿਸੇ ਦੇਸ਼ ਦੀ ਸੁਰੱਖਆ ਨੂੰ ਤਬਾਹ ਕਰਨ ਲਈ ਉਸ ਦੇ ਆਜ਼ਾਦ ਮੀਡੀਆ, ਨਿਆਂਪਾਲਿਕਾ, ਐੱਨਜੀਓਜ਼ ਅਤੇ ਗਤੀਸ਼ੀਲ ਲੋਕਤੰਤਰ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ। ਗੁਜਰਾਤ ਵਿੱਚ ਗਾਂਧੀਨਗਰ ਜ਼ਿਲ੍ਹੇ ਦੇ ਪਿੰਡ ਲਵਾਡ ਵਿੱਚ ‘ਰਾਸ਼ਟਰੀ ਰਕਸ਼ਾ ਯੂੁਨੀਵਰਸਿਟੀ’ ਦੀ ਦੂਜੀ ਕਾਨਵੋਕੇਸ਼ਨ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਨੇ ਸੂਬਾਈ ਏਜੰਸੀਆਂ ਦੇ ਏਕੀਕਰਨ ਤਰੀਕੇ ਨਾਲ ਕੰਮ ਕਰਨ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਮਾਂ ਬਦਲਣ ਨਾਲ ਸੁਰੱਖਿਆ ਮਾਪਾਂ ਵਿੱਚ ਵੀ ਬਹੁਤ ਵੱਡੀ ਤਬਦੀਲੀ ਆਈ ਹੈ।
ਰਾਜਨਾਥ ਸਿੰਘ ਨੇ ਕਿਹਾ, ‘‘ਅਸੀਂ ਆਮ ਕਰਕੇ ਸੁਰੱਖਿਆ ਨੂੰ ਅੰਦਰੂਨੀ ਅਤੇ ਬਾਹਰੀ ਦੋ ਪੱਖਾਂ ਤੋਂ ਵੇਖਦੇ ਹਾਂ। ਪਰ ਪਿਛਲੇ ਦੋ ਦਹਾਕਿਆਂ ਤੋਂ ਇਹ ਦੇਖਿਆ ਗਿਆ ਹੈ ਕਿ ਅੰਦਰੂਨੀ ਅਤੇ ਬਾਹਰੀ ਸੁੁਰੱਖਿਆ ਵਿਚਾਲੇ ਪਾੜਾ ਘਟਦਾ ਜਾ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਹਾਈਬ੍ਰਿਡ ਜੰਗ ਵਿੱਚ ਅੰਦਰੂੁਨੀ ਅਤੇ ਬਾਹਰੀ ਸੁਰੱਖਿਆ ਦਰਮਿਆਨ ਲਕੀਰਾਂ (ਹੱਦਾਂ) ਲਗਪਗ ਖਤਮ ਹੋ ਗਈਆਂ ਹਨ।’’ ਰੱਖਿਆ ਮੰਤਰੀ ਨੇ ਕਿਹਾ ਕਿ ਕਿਸੇ ਦੇਸ਼ ਦੀ ਸੁਰੱਖਿਆ ਨੂੰ ਤਬਾਹ ਕਰਨ ਵਿੱਚ ਲੱਗੀਆਂ ਤਾਕਤਾਂ ਵੱਲੋਂ ਇਸ ਦੇ ਸੋਸ਼ਲ ਮੀਡੀਆ, ਨਿਆਂਪਾਲਿਕਾ, ਗ਼ੈਰ-ਸਰਕਾਰੀ ਸੰਸਥਾਵਾਂ ਅਤੇ ਜਮਹੂਰੀਅਤ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ।
ਉਨ੍ਹਾਂ ਆਖਿਆ, ‘‘ਇੱਕ ਆਜ਼ਾਦ ਸੋਸ਼ਲ ਮੀਡੀਆ ਦੀ ਵਰਤੋਂ ਇੱਕ ਯੋਜਨਾਬੱਧ ਪ੍ਰਾਪੇਗੰਡਾ ਅੱਗੇ ਵਧਾਉਣ ਲਈ ਕੀਤੀ ਜਾ ਸਕਦੀ ਹੈ। ਸੋਸ਼ਲ ਮੀਡੀਆ ਦੀ ਆਜ਼ਾਦੀ ਮਾੜੀ ਗੱਲ ਨਹੀਂ ਹੈ… ਮੀਡੀਆ ਆਜ਼ਾਦ ਹੋਣਾ ਚਾਹੀਦਾ ਹੈ ਪਰ ਜੇਕਰ ਮੀਡੀਆ ਆਜ਼ਾਦ ਹੈ ਤਾਂ ਇਸ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ। ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ’ਤੇ ਖ਼ਤਰਨਾਕ ਅਤੇ ਵਿਵਾਦਤ ਚੀਜ਼ਾਂ ਨੂੰ ਸਥਾਪਤ ਕਰਨ ਅਤੇ ਪ੍ਰਚਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।’’ ਸ੍ਰੀ ਰਾਜਨਾਥ ਨੇ ਕਿਹਾ, ‘‘ਜੇਕਰ ਐੱਨਜੀਓਜ਼ ਆਜ਼ਾਦ ਹਨ ਤਾਂ ਉਨ੍ਹਾਂ ਨੂੰ ਅਜਿਹੇ ਤਰੀਕੇ ਨਾਲ ਵਰਤਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਕਿ ਦੇਸ਼ ਦਾ ਸਾਰਾ ਪ੍ਰਬੰਧ ਨਕਾਰਾ ਹੋ ਜਾਵੇ।’’ ਉਨ੍ਹਾਂ ਮੁਤਾਬਕ, ‘‘ਜੇਕਰ ਨਿਆਂਪਾਲਿਕਾ ਆਜ਼ਾਦ ਹੈ ਤਾਂ ਕਾਨੂੰਨੀ ਪ੍ਰਣਾਲੀ ਦੀ ਵਰਤੋਂ ਕਰਕੇ ਵਿਕਾਸ ਕੰਮਾਂ ਨੂੰ ਰੋਕਣ ਜਾਂ ਗਤੀ ਘਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਜੇ ਕਿਸੇ ਦੇਸ਼ ਵਿੱਚ ਗਤੀਸ਼ੀਲ ਜਮਹੂਰੀਅਤ ਹੈ ਤਾਂ ਇਸ ਦੀ ਏਕਤਾ ਤੇ ਸੁਰੱਖਿਆ ’ਤੇ ਹਮਲੇ ਲਈ ਸਿਆਸੀ ਪਾਰਟੀਆਂ ਵਿੱਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।’’ -ਪੀਟੀਆਈ