ਗੋਪੇਸ਼ਵਰ (ਉਤਰਾਖੰਡ), 18 ਮਈ
ਉਤਰਾਖੰਡ ਦੇ ਪ੍ਰਸਿੱਧ ਬਦਰੀਨਾਥ ਮੰਦਰ ਦੇ ਕਿਵਾੜ ਸਰਦ ਰੁੱਤ ਦੇ ਛੇ ਮਹੀਨੇ ਬੰਦ ਰਹਿਣ ਮਗਰੋਂ ਖੋਲ੍ਹ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਹੋਰਨਾਂ ਧਾਰਮਿਕ ਸਥਾਨਾਂ ਦੀ ਤਰ੍ਹਾਂ ਕਰੋਨਾਵਾਇਰਸ ਕਾਰਨ ਲਾਈਆਂ ਪਾਬੰਦੀਆਂ ਤਹਿਤ ਬਦਰੀਨਾਥ ਦੇ ਕਿਵਾੜ ਖੁੱਲ੍ਹਣ ਦੇ ਬਾਅਦ ਵੀ ਸ਼ਰਧਾਲੂਆਂ ਨੂੰ ਉੱਥੇ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਹੈ। ਅੱਜ ਕਿਵਾੜ ਖੁੱਲ੍ਹਣ ਮੌਕੇ ਮੰਦਰ ਦੇ ਪੁਜਾਰੀ, ਕੁਝ ਪ੍ਰਸ਼ਾਸਨਿਕ ਅਧਿਕਾਰੀ ਤੇ ਕੁਝ ਲੋਕ ਦਰਸ਼ਨਾਂ ਲਈ ਮੌਜੂਦ ਸਨ। ਇਸ ਮੌਕੇ ਮੰਦਰ ਨੂੰ ਤਕਰੀਬਨ 8 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ। ਬਦਰੀਨਾਥ ਮੰਦਰ ਦੇ ਕਿਵਾੜ ਖੁੱਲ੍ਹਣ ਦੇ ਨਾਲ ਹੀ ਉਤਰਾਖੰਡ ’ਚ ਸਥਿਤ ਹੋਰ ਚਾਰ ਧਾਮਾਂ ਦੇ ਵੀ ਕਿਵਾੜ ਖੋਲ੍ਹ ਦਿੱਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਸ਼ਰਧਾਲੂਆਂ ਨੂੰ ਇੱਥੇ ਅਉਣ ਦੀ ਆਗਿਆ ਨਹੀਂ ਹੈ ਪਰ ਸਥਿਤੀ ਕਾਬੂ ਹੇਠ ਆਉਣ ਮਗਰੋਂ ਇਹ ਯਾਤਰਾ ਸ਼ੁਰੂ ਕਰ ਦਿਤੀ ਜਾਏਗੀ। -ਪੀਟੀਆਈ