ਉਖੀਮੱਠ, 1 ਮਾਰਚ
ਕੇਦਾਰਨਾਥ ਧਾਮ ਦੇ ਕਿਵਾੜ ਸ਼ਰਧਾਲੂਆਂ ਲਈ ਇਸ ਸਾਲ ਛੇ ਮਈ ਨੂੰ ਸਵੇਰੇ 6.25 ’ਤੇ ਖੁੱਲ੍ਹਣਗੇ। ਭਗਵਾਨ ਸ਼ਿਵ ਨੂੰ ਸਮਰਪਿਤ ਹਿਮਾਲਿਆ ਦੇ ਇਸ ਮੰਦਰ ਨੂੰ ਖੋਲ੍ਹਣ ਦੀ ਤਰੀਕ ਤੇ ਸਮੇਂ ਬਾਰੇ ਐਲਾਨ ਅੱਜ ਕੁਝ ਧਾਰਮਿਕ ਰਸਮਾਂ ਮਗਰੋਂ ਕੀਤਾ ਗਿਆ। ਇਸ ਤੋਂ ਪਹਿਲਾਂ ਮਹਾ ਸ਼ਿਵਰਾਤਰੀ ਮੌਕੇ ਓਮਕਾਰੇਸ਼ਵਰ ਮੰਦਰ ਵਿਚ ਪੂਜਾ ਕੀਤੀ ਗਈ। ਮੰਦਰ ਦੇ ਕਿਵਾੜ ਖੁੱਲ੍ਹਣ ਬਾਰੇ ਜਾਣਕਾਰੀ ਬਦਰੀ-ਕੇਦਾਰ ਮੰਦਰ ਕਮੇਟੀ ਦੇ ਅਧਿਕਾਰੀ ਹਰੀਸ਼ ਗੌੜ ਨੇ ਦਿੱਤੀ। ਇਸ ਮੌਕੇ ਕੇਦਾਰਨਾਥ ਦੇ ਮੁੱਖ ਪੁਜਾਰੀ ਰਾਵਲ ਭੀਮਸ਼ੰਕਰ ਲਿੰਗ ਤੇ ਬਦਰੀ-ਕੇਦਾਰ ਮੰਦਰ ਸਮਿਤੀ ਦੇ ਪ੍ਰਧਾਨ ਅਜੇਂਦਰ ਅਜੈ ਵੀ ਹਾਜ਼ਰ ਸਨ। ਦੱਸਣਯੋਗ ਹੈ ਕਿ ਜਦ ਕੇਦਾਰਨਾਥ ਦੇ ਕਿਵਾੜ ਬੰਦ ਹੁੰਦੇ ਹਨ ਤਾਂ ਕੇਦਾਰ ਪੂਜਾ ਉਖੀਮੱਠ ਦੇ ਓਮਕਾਰੇਸ਼ਵਰ ਮੰਦਰ ਵਿਚ ਹੁੰਦੀ ਹੈ। ਭਰਵੀਂ ਬਰਫ਼ਬਾਰੀ ਕਾਰਨ ਕੇਦਾਰਨਾਥ ਧਾਮ ਕੁਝ ਮਹੀਨਿਆਂ ਲਈ ਬੰਦ ਰਹਿੰਦਾ ਹੈ। -ਪੀਟੀਆਈ