ਦੇਹਰਾਦੂਨ, 3 ਨਵੰਬਰ
ਪਵਿੱਤਰ ਕੇਦਾਰਨਾਥ ਧਾਮ ਦੇ ਕਿਵਾੜ ਅੱਜ ਸਰਦੀਆਂ ਲਈ ਬੰਦ ਹੋ ਗਏ ਹਨ। ਇਸ ਮੌਕੇ 18 ਹਜ਼ਾਰ ਤੋਂ ਜ਼ਿਆਦਾ ਸ਼ਰਧਾਲੂ ਮੌਜੂਦ ਸਨ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਮੀਡੀਆ ਇੰਚਾਰਜ ਹਰੀਸ਼ ਗੌੜ ਨੇ ਕਿਹਾ ਕਿ ਇਸ ਸਬੰਧੀ ਸਮਾਗਮ ਤੜਕੇ 4 ਵਜੇ ਸ਼ੁਰੂ ਹੋਇਆ ਸੀ ਅਤੇ ਸਵੇਰੇ ਸਾਢੇ 8 ਵਜੇ ਕਿਵਾੜ ਬੰਦ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਹਿਮਾਲਿਆ ਦੇ ਪਵਿੱਤਰ ਮੰਦਰ ਦੇ ਕਿਵਾੜ ਬੰਦ ਕਰਨ ਸਬੰਧੀ ਸਮਾਗਮ ਦੇਖਣ ਲਈ 18 ਹਜ਼ਾਰ ਤੋਂ ਵੱਧ ਸ਼ਰਧਾਲੂ ਪਹੁੰਚੇ ਹੋਏ ਸਨ।
ਗੌੜ ਨੇ ਕਿਹਾ ਕਿ ਕਿਵਾੜ ਬੰਦ ਕਰਨ ਤੋਂ ਪਹਿਲਾਂ ਭਗਵਾਨ ਸ਼ਿਵ ਦੀ ਮੂਰਤੀ ਪਾਲਕੀ ’ਚ ਸਜਾ ਕੇ ਮੰਦਰ ਤੋਂ ਬਾਹਰ ਲਿਆ ਕੇ ਓਮਕਾਰੇਸ਼ਵਰ ਮੰਦਰ ’ਚ ਸਥਾਪਤ ਕੀਤੀ ਗਈ ਜਿਥੇ ਸਰਦੀਆਂ ’ਚ ਉਨ੍ਹਾਂ ਦੀ ਪੂਜਾ ਕੀਤੀ ਜਾਵੇਗੀ। ਕਮੇਟੀ ਦੇ ਚੇਅਰਮੈਨ ਅਜੇਂਦਰ ਅਜੈ ਨੇ ਦੱਸਿਆ ਕਿ ਸਾਢੇ 16 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੇਦਾਰਨਾਥ ਧਾਮ ਦੇ ਦਰਸ਼ਨ ਕੀਤੇ। ਗੜ੍ਹਵਾਲ ’ਚ 11 ਹਜ਼ਾਰ ਫੁੱਟ ਤੋਂ ਜ਼ਿਆਦਾ ਉਚਾਈ ’ਤੇ ਸਥਿਤ ਪਵਿੱਤਰ ਕੇਦਾਰਨਾਥ ਦੇਸ਼ ਦੇ 12 ਜਯੋਤਿਰਲਿੰਗਾਂ ’ਚੋਂ ਇਕ ਹੈ। ਹਰ ਸਾਲ ਲੱਖਾਂ ਸ਼ਰਧਾਲੂ ਇਸ ਮੰਦਰ ਦੇ ਦਰਸ਼ਨਾਂ ਲਈ ਇਥੇ ਪਹੁੰਚਦੇ ਹਨ ਅਤੇ ਸਰਦੀਆਂ ’ਚ ਮੰਦਰ ਦੇ ਕਿਵਾੜ ਬੰਦ ਕਰ ਦਿੱਤੇ ਜਾਂਦੇ ਹਨ ਕਿਉਂਕਿ ਇਹ ਬਰਫ਼ ਨਾਲ ਪੂਰੀ ਤਰ੍ਹਾਂ ਢੱਕ ਜਾਂਦਾ ਹੈ। -ਪੀਟੀਆਈ