ਨਵੀਂ ਦਿੱਲੀ, 9 ਸਤੰਬਰ
ਮੁੱਖ ਅੰਸ਼
- ਗੈਰ-ਬਾਸਮਤੀ ਚੌਲ ’ਤੇ 20 ਫੀਸਦ ਬਰਾਮਦ ਡਿਊਟੀ ਲਾਉਣ ਦਾ ਵੀ ਫ਼ੈਸਲਾ ਲਿਆ
ਸਰਕਾਰ ਨੇ ਪ੍ਰਚੂਨ ਕੀਮਤਾਂ ਕਾਬੂ ਹੇਠ ਰੱਖਣ ਤੇ ਘਰੇਲੂ ਸਪਲਾਈ ਨੂੰ ਹੁੁਲਾਰਾ ਦੇਣ ਦੇ ਇਰਾਦੇ ਨਾਲ ਟੋਟਾ ਚੌਲ ਦੀ ਬਰਾਮਦ ’ਤੇ ਪਾਬੰਦੀ ਲਾ ਦਿੱਤੀ ਹੈ। ਝੋਨੇ ਦੀ ਬਿਜਾਈ ਹੇਠ ਰਕਬਾ ਘਟਣ ਕਰਕੇ ਦੇਸ਼ ਵਿੱਚ ਐਤਕੀਂ ਸਾਉਣੀ ਸੀਜ਼ਨ ਵਿੱਚ 10 ਤੋਂ 12 ਮਿਲੀਅਨ ਟਨ ਘੱਟ ਚਾਵਲ ਉਤਪਾਦਨ ਹੋਣ ਦਾ ਅਨੁਮਾਨ ਹੈ। ਬਰਾਮਦ ਘਟਾਉਣ ਦੇ ਇਰਾਦੇ ਨਾਲ ਗੈਰ-ਬਾਸਮਤੀ ਚੌਲ ’ਤੇ 20 ਫੀਸਦ ਬਰਾਮਦ ਡਿਊਟੀ ਲਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ।
ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਪੱਤਰਕਾਰਾਂ ਨੂੰ ਪਾਬੰਦੀ ਪਿਛਲੇ ਅਸਲ ਮੰਤਵ ਬਾਰੇ ਦੱਸਦੇ ਹੋਏ ਕਿਹਾ ਕਿ ਟੋਟਾ ਚੌਲਾਂ ਦੀ ਖੇਪ ਵਿੱਚ ‘ਬਿਲਕੁਲ ਅਸਾਧਾਰਨ’ ਵਾਧਾ ਹੋਇਆ ਹੈ ਅਤੇ ਟੋਟਾ ਅਨਾਜ ਵੀ ਪਸ਼ੂਆਂ ਦੀ ਖੁਰਾਕ ਦੇ ਨਾਲ-ਨਾਲ ਈਥਾਨੌਲ ਮਿਸ਼ਰਣ ਪ੍ਰੋਗਰਾਮ ਲਈ ਲੋੜੀਂਦੀ ਮਾਤਰਾ ਵਿੱਚ ਉਪਲਬਧ ਨਹੀਂ ਸਨ। ਚੀਨ ਮਗਰੋਂ ਭਾਰਤ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਚੌਲ ਉਤਪਾਦਕ ਹੈ। ਆਲਮੀ ਵਪਾਰ ਵਿੱਚ ਭਾਰਤ 40 ਫੀਸਦ ਹਿੱਸੇਦਾਰੀ ਪਾਉਂਦਾ ਹੈ। ਦੇਸ਼ ਨੇ ਵਿੱਤੀ ਸਾਲ 2021-22 ਵਿੱਚ 21.2 ਮਿਲੀਅਨ ਟਨ ਚੌਲ ਬਰਾਮਦ ਕੀਤਾ ਸੀ, ਜਿਸ ਵਿੱਚੋਂ 3.94 ਮਿਲੀਅਨ ਬਾਸਮਤੀ ਚੌਲ ਸੀ।
ਵਿਦੇਸ਼ ਵਪਾਰ ਬਾਰੇ ਡਾਇਰੈਕਟੋਰੇਟ ਜਨਰਲ (ਡੀਜੀਐੱਫਟੀ) ਨੇ 8 ਸਤੰਬਰ ਨੂੰ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਕਿ ‘ਟੋਟਾ ਚੌਲ ਦੀ ਬਰਾਮਦ ਨੀਤੀ…ਵਿੱਚ ਸੋਧ ਕਰਦਿਆਂ ਇਸ ਨੂੰ ‘ਮੁਕਤ’ ਤੋਂ ‘ਪਾਬੰਦੀ’ ਵਾਲੀ ਸ਼੍ਰੇਣੀ ਵਿੱਚ ਲਿਆਂਦਾ ਗਿਆ ਹੈ।’’ ਇਹ ਨੋਟੀਫਿਕੇਸ਼ਨ 9 ਸਤੰਬਰ 2022 ਭਾਵ ਅੱਜ ਤੋਂ ਅਮਲ ਵਿੱਚ ਆ ਗਿਆ ਹੈ। ਪਾਂਡੇ ਨੇ ਕਿਹਾ ਕਿ ਭਾਰਤ ਨੇ 2021-22 ਵਿੱਚ 3.89 ਮਿਲੀਅਨ ਟਨ ਟੋਟਾ ਚੌਲ ਬਰਾਮਦ ਕੀਤਾ ਸੀ, ਜਦੋਂਕਿ 2018-19 ਵਿੱਚ ਇਹ ਅੰਕੜਾ 1.22 ਮਿਲੀਅਨ ਟਨ ਸੀ। ਚੀਨ ਨੇ ਪਿਛਲੇ ਵਿੱਤੀ ਸਾਲ ਵਿੱਚ 1.58 ਮਿਲੀਅਨ ਟਨ ਟੋਟਾ ਚੌਲ ਦਰਾਮਦ ਕੀਤਾ ਹੈ। ਪਾਂਡੇ ਨੇ ਕਿਹਾ ਕਿ ਬਰਾਮਦਾਂ ਵਿੱਚ ਉਛਾਲ ਨਾਲ ਦੇਸ਼ ਵਿੱਚ ਚੌਲ ਦੀਆਂ ਥੋਕ ਤੇ ਪ੍ਰਚੂਨ ਕੀਮਤਾਂ ਵਿਚ ਤੇਜ਼ੀ ਦਾ ਰੁਝਾਨ ਵੇਖਣ ਨੂੰ ਮਿਲਿਆ ਸੀ। 7 ਸਤੰਬਰ ਨੂੰ ਥੋਕ ਬਾਜ਼ਾਰ ਵਿਚ ਚੌਲ ਦਾ ਭਾਅ 8 ਫੀਸਦ ਦੇ ਵਾਧੇ ਨਾਲ 3291 ਰੁਪਏ ਪ੍ਰਤੀ ਕੁਇੰਟਲ ਸੀ ਜਦੋਂਕਿ ਸਾਲ ਪਹਿਲਾਂ ਇਹੀ ਭਾਅ 3041 ਰੁਪਏ ਸੀ। ਉਧਰ ਪ੍ਰਚੂਨ ਕੀਮਤਾਂ 37.5 ਰੁਪਏ ਪ੍ਰਤੀ ਕਿਲੋ ਹਨ ਤੇ ਪਿਛਲੇ ਸਾਲ ਦੇ ਮੁਕਾਬਲੇ ਇਨ੍ਹਾਂ ਵਿੱਚ 6.38 ਫੀਸਦ ਦਾ ਉਛਾਲ ਆਇਆ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਐਤਕੀਂ ਝੋਨੇ ਹੇਠ ਰਕਬਾ ਵੀ ਘਟਿਆ ਹੈ। 2 ਸਤੰਬਰ ਨੂੰ ਮੌਜੂਦਾ ਸਾਉਣੀ ਸੀਜ਼ਨ ਵਿੱਚ 383.99 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜਾਈ ਕੀਤੀ ਹੋਈ ਸੀ, ਜੋ ਪਿਛਲੇ ਸਾਲ ਦੇ ਮੁਕਾਬਲੇ 5.62 ਫੀਸਦ ਘੱਟ ਸੀ।
ਝੋਨੇ ਹੇਠ ਰਕਬਾ ਘੱਟਣ ਦਾ ਮੁੱਖ ਕਾਰਨ ਕੁਝ ਰਾਜਾਂ ਵਿੱਚ ਘੱਟ ਮੀਂਹ ਪੈਣਾ ਹੈ। ਖੁਰਾਕ ਸਕੱਤਰ ਨੇ ਜ਼ੋਰ ਦੇ ਕੇ ਆਖਿਆ ਕਿ ਚੌਲ ਦਾ ਸਰਪਲੱਸ ਉਤਪਾਦਨ ਹੋਵੇਗਾ ਤੇ ਮੁੱਢਲੇ ਅਨੁਮਾਨ ਰਕਬਾ ਘਟਣ ਤੇ ਔਸਤ ਉਤਪਾਦਨ ’ਤੇ ਆਧਾਰਿਤ ਹਨ। -ਪੀਟੀਆਈ