ਨਵੀਂ ਦਿੱਲੀ: ਸਰਕਾਰ ਨੇ ਪਾਕਿਸਤਾਨ ਤੋਂ ਚੱਲਦੇ ਚੈਨਲ ਸਣੇ ਯੂਟਿਊਬ ਦੇ ਅੱਠ ਚੈਨਲਾਂ ’ਤੇ ਰੋਕ ਲਾਉਣ ਦੇ ਹੁਕਮ ਦਿੱਤੇ ਹਨ। ਭਾਰਤ ਦੀ ਕੌਮੀ ਸੁਰੱਖਿਆ ਨਾਲ ਜੁੜੀ ਗ਼ਲਤ ਸੂਚਨਾ ਦੇ ਪ੍ਰਚਾਰ-ਪਾਸਾਰ ਅਤੇ ਕਥਿਤ ‘ਫ਼ਰਜ਼ੀ ਤੇ ਭੜਕਾਊ ਥੰਬਨੇਲਜ਼’ ਦੀ ਵਰਤੋਂ ਕਰਨ ਦੇ ਦੋਸ਼ ’ਚ ਇਨ੍ਹਾਂ ਚੈਨਲਾਂ ਖਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਥੰਬਨੇਲਜ਼ ਦਾ ਮਤਲਬ ਵੱਡੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਛੋਟੇ ਰੂਪ ਵਿੱਚ ਪੇਸ਼ ਕਰਨਾ ਹੈ। ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਕਿਹਾ ਕਿ ਸੂਚਨਾ ਤਕਨਾਲੋਜੀ ਨੇਮਾਂ-2021 ਤਹਿਤ ਬਲਾਕ ਕੀਤੇ ਚੈਨਲਾਂ ਵਿੱਚੋਂ ਸੱਤ ਭਾਰਤੀ ਨਿਊਜ਼ ਚੈਨਲ ਹਨ। ਇਨ੍ਹਾਂ ਚੈਨਲਾਂ ਦੇ 114 ਕਰੋੜ ਤੋਂ ਵੱਧ ਵਿਊਜ਼ ਤੇ 85.73 ਲੱਖ ਸਬਸਕ੍ਰਾਈਬਰ ਹਨ। ਬਲਾਕ ਕੀਤੇ ਚੈਨਲਾਂ ਵਿੱਚ ਲੋਕਤੰਤਰ ਟੀਵੀ, ਯੂਐਂਡਵੀ ਟੀਵੀ, ਏ.ਐੱਮ.ਰਜ਼ਵੀ, ਗੌਰਵਸ਼ਾਲੀ ਪਵਨ ਮਿਥੀਲਾਂਚਲ, ਸੀਟੌਪ5ਟੀਐੱਚ, ਸਰਕਾਰੀ ਅਪਡੇਟ, ਸਭ ਕੁਛ ਦੇਖੋ ਅਤੇ ਪਾਕਿਸਤਾਨ ਆਧਾਰਿਤ ਨਿਊਜ਼ ਕੀ ਦੁਨੀਆ ਸ਼ਾਮਲ ਹਨ। ਮੰਤਰਾਲੇ ਨੇ ਬਿਆਨ ਵਿੱਚ ਅੱਗੇ ਕਿਹਾ ਕਿ ਭਾਰਤੀ ਯੂਟਿਊਬ ਚੈਨਲ ਕਥਿਤ ‘ਫ਼ਰਜ਼ੀ ਤੇ ਭੜਕਾਊ ਥੰਬਨੇਲਜ਼ ਦੀ ਵਰਤੋਂ’ ਕਰਨ ਦੇ ਨਾਲ ਦਰਸ਼ਕਾਂ ਨੂੰ ਗੁੰਮਰਾਹ ਕਰਨ ਤੇ ਖ਼ਬਰ ਨੂੰ ਭਰੋਸਯੋਗ ਦਰਸਾਉਣ ਲਈ ਕੁਝ ਟੀਵੀ ਨਿਊਜ਼ ਚੈਨਲਾਂ ਦੇ ਨਿਊਜ਼ ਐਂਕਰਾਂ ਤੇ ਲੋਗੋਜ਼ ਦੀਆਂ ਤਸਵੀਰਾਂ ਵਰਤ ਰਹੇ ਸਨ। ਸਰਕਾਰ ਪਿਛਲੇ ਸਾਲ ਦਸੰਬਰ ਤੋਂ ਹੁਣ ਤੱਕ 102 ਯੂਟਿਊਬ ਆਧਾਰਿਤ ਨਿਊਜ਼ ਚੈਨਲਾਂ ਤੇ ਕਈ ਹੋਰ ਸੋਸ਼ਲ ਮੀਡੀਆ ਖਾਤਿਆਂ ਨੂੰ ਬੰਦ ਕਰ ਚੁੱਕੀ ਹੈ। -ਪੀਟੀਆਈ