ਜੰਮੂ/ਨਵੀਂ ਦਿੱਲੀ, 9 ਫਰਵਰੀ
ਸਾਈਬਰ ਦੁਨੀਆ ’ਤੇ ਤਿੱਖੀ ਨਜ਼ਰ ਰੱਖਣ ਦੇ ਇਰਾਦੇ ਨਾਲ ਸਰਕਾਰ ਨੇ ਆਮ ਲੋਕਾਂ ਨੂੰ ਕਿਹਾ ਹੈ ਕਿ ਉਹ ਆਪਣੇ ਨਾਮ ਸਾਈਬਰ ਅਪਰਾਧ ਵਾਲੰਟੀਅਰ ਵਜੋਂ ਦਰਜ ਕਰਵਾਉਣ। ਇਹ ਵਾਲੰਟੀਅਰ ਦੇਸ਼ ਦੀ ਖੁਦਮੁਖਤਿਆਰੀ, ਬੱਚਿਆਂ ਤੇ ਮਹਿਲਾਵਾਂ ਖ਼ਿਲਾਫ਼ ਜੁਰਮਾਂ ਅਤੇ ਅਮਨ ਕਾਨੂੰਨ ਦੀ ਹਾਲਤ ਵਿਗਾੜਨ ਦੀਆਂ ਕੋਸ਼ਿਸ਼ਾਂ ਵਾਲੀਆਂ ਪੋਸਟਾਂ ’ਤੇ ਨਜ਼ਰ ਰੱਖਣਗੇ। ਇਹ ਪ੍ਰਾਜੈਕਟ ਕੇਂਦਰੀ ਮੰਤਰਾਲੇ ਦਾ ਹੈ ਜਿਸ ਨੂੰ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਦਾ ਨਾਮ ਦਿੱਤਾ ਗਿਆ ਹੈ।
ਇਹ ਪ੍ਰਾਜੈਕਟ ਪਿਛਲੇ ਹਫ਼ਤੇ ਅਤਿਵਾਦ ਪ੍ਰਭਾਵਿਤ ਜੰਮੂ ਕਸ਼ਮੀਰ ’ਚ ਸ਼ੁਰੂ ਕੀਤਾ ਗਿਆ ਹੈ ਜਿਥੇ ਪੁਲੀਸ ਨੇ ਲੋਕਾਂ ਨੂੰ ਵਾਲੰਟੀਅਰ ਵਜੋਂ ਰਜਿਸਟਰ ਕਰਾਉਣ ਲਈ ਸਰਕੁਲਰ ਜਾਰੀ ਕੀਤਾ ਹੈ। ਜੰਮੂ ਕਸ਼ਮੀਰ ਪੁਲੀਸ ਦੇ ਤਰਜਮਾਨ ਨੇ ਕਿਹਾ ਕਿ ਇਸ ਪ੍ਰੋਗਰਾਮ ਨਾਲ ਕੋਈ ਵੀ ਭਾਰਤੀ ਨਾਗਰਿਕ ਜੁੜ ਸਕਦਾ ਹੈ। ਗ੍ਰਹਿ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਵਾਲੰਟੀਅਰਾਂ ਨੂੰ ਕੋਈ ਵੀ ਮਾਲੀ ਲਾਭ ਨਹੀਂ ਦਿੱਤੇ ਜਾਣਗੇ ਅਤੇ ਇਸ ਕੰਮ ਨੂੰ ਉਹ ਵਪਾਰਕ ਲਾਹੇ ਲਈ ਨਹੀਂ ਵਰਤ ਸਕਣਗੇ। ਵਾਲੰਟੀਅਰ ਕੋਈ ਜਨਤਕ ਬਿਆਨ ਵੀ ਜਾਰੀ ਨਹੀਂ ਕਰਨਗੇ ਅਤੇ ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਦਾ ਨਾਮ ਨਾ ਵਰਤਣ ਲਈ ਸਖ਼ਤੀ ਨਾਲ ਗੁਰੇਜ਼ ਕਰਨ ਲਈ ਕਿਹਾ ਗਿਆ ਹੈ। ਜਿਹੜੇ ਲੋਕ ਵਾਲੰਟੀਅਰ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸੰਵਿਧਾਨ ਦੀ ਧਾਰਾ 19 ਪੜ੍ਹਨ ਲਈ ਕਿਹਾ ਗਿਆ ਹੈ ਜੋ ਪ੍ਰਗਟਾਵੇ ਦੀ ਆਜ਼ਾਦੀ ਨਾਲ ਸਬੰਧਤ ਹੈ। -ਪੀਟੀਆਈ