ਨਵੀਂ ਦਿੱਲੀ, 3 ਮਈ
ਭਾਰਤ ਸਰਕਾਰ ਤੇ ਸੀਰਮ ਇੰਸਟੀਚਿਊਟ (ਐੱਸਆਈਆਈ) ਦੇ ਸੀਈਓ ਅਦਾਰ ਪੂਨਾਵਾਲਾ ਨੇ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਕੇਂਦਰ ਸਰਕਾਰ ਨੇ ਮਾਰਚ ਤੋਂ ਬਾਅਦ ਐੱਸਆਈਆਈ ਤੇ ਭਾਰਤ ਬਾਇਓਟੈੱਕ ਨੂੰ ਵੈਕਸੀਨ ਦਾ ਕੋਈ ਨਵਾਂ ਆਰਡਰ ਨਹੀਂ ਦਿੱਤਾ ਹੈ। ਸਰਕਾਰ ਨੇ ਅੱਜ ਕਿਹਾ ਕਿ ਇਹ ਰਿਪੋਰਟਾਂ ਬਿਲਕੁਲ ਗਲਤ ਤੇ ਤੱਥਹੀਣ ਹਨ। ਦੱਸਣਯੋਗ ਹੈ ਕਿ ਕੁਝ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਵੈਕਸੀਨ ਨਿਰਮਾਣ ਕਰਨ ਵਾਲੀਆਂ ਦੋਵਾਂ ਕੰਪਨੀਆਂ ਨੂੰ ਮਾਰਚ ਵਿਚ ਹੀ ਆਰਡਰ ਮਿਲੇ ਸਨ। ਸੀਰਮ ਇੰਸਟੀਚਿਊਟ ਨੂੰ 10 ਕਰੋੜ ਤੇ ਭਾਰਤ ਬਾਇਓਟੈੱਕ ਨੂੰ ਦੋ ਕਰੋੜ ਡੋਜ਼ ਦੇ ਆਰਡਰ ਮਿਲਣ ਬਾਰੇ ਕਿਹਾ ਗਿਆ ਸੀ। ਸਿਹਤ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਐੱਸਆਈਆਈ ਨੂੰ 28 ਅਪਰੈਲ ਨੂੰ 1732.50 ਕਰੋੜ ਰੁਪਏ ਦਾ 100 ਫੀਸਦ ਐਡਵਾਂਸ ਜਾਰੀ ਕੀਤਾ ਗਿਆ ਹੈ। ਇਹ ਆਰਡਰ ਕੋਵੀਸ਼ੀਲਡ ਦੀਆਂ 11 ਕਰੋੜ ਖੁਰਾਕਾਂ ਲਈ ਹੈ ਜੋ ਕਿ ਮਈ, ਜੂਨ ਤੇ ਜੁਲਾਈ ਦੌਰਾਨ ਮਿਲਣੀਆਂ ਹਨ। ਮੰਤਰਾਲੇ ਮੁਤਾਬਕ ਜਿਹੜਾ ਪਹਿਲਾਂ ਦਸ ਕਰੋੜ ਡੋਜ਼ ਦਾ ਆਰਡਰ ਦਿੱਤਾ ਗਿਆ ਸੀ, ਉਸ ਵਿਚੋਂ 8.744 ਕਰੋੜ ਡੋਜ਼ ਤਿੰਨ ਮਈ ਤੱਕ ਮਿਲ ਚੁੱਕੀ ਹੈ। ਇਸ ਤੋਂ ਇਲਾਵਾ ਭਾਰਤ ਬਾਇਓਟੈੱਕ ਨੂੰ 28 ਅਪਰੈਲ ਨੂੰ 787.50 ਕਰੋੜ ਰੁਪਏ ਰਿਲੀਜ਼ ਕੀਤੇ ਗਏ ਸਨ। ਕੰਪਨੀ ਨੇ ਮਈ, ਜੂਨ ਤੇ ਜੁਲਾਈ ਦੌਰਾਨ ਕੋਵੈਕਸੀਨ ਦੀ ਪੰਜ ਕਰੋੜ ਡੋਜ਼ ਸਪਲਾਈ ਕਰਨੀ ਹੈ। ਕੋਵੈਕਸੀਨ ਦੇ ਪੁਰਾਣੇ ਆਰਡਰ ਵਿਚੋਂ ਵੀ ਲੱਖਾਂ ਡੋਜ਼ਿਜ਼ ਮਿਲ ਚੁੱਕੀਆਂ ਹਨ। ਅਦਾਰ ਪੂਨਾਵਾਲਾ ਨੇ ਵੀ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਕੰਪਨੀ ਨੂੰ 26 ਕਰੋੜ ਡੋਜ਼ ਦੇ ਆਰਡਰ ਮਿਲੇ ਹਨ। ਉਨ੍ਹਾਂ ਅਦਾਇਗੀ ਹੋਣ ਦੀ ਵੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ‘ਫਾਇਨੈਂਸ਼ੀਅਲ ਟਾਈਮਜ਼’ ਨੇ ਪੂਨਾਵਾਲਾ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਭਾਰਤ ਵਿਚ ਵੈਕਸੀਨ ਦੀ ਕਮੀ ਜੁਲਾਈ ਤੱਕ ਰਹਿ ਸਕਦੀ ਹੈ। ਪੂਨਾਵਾਲਾ ਨੇ ਕਿਹਾ ਸੀ ਕਿ ਉਤਪਾਦਨ ਸਮਰੱਥਾ ਵਧਾਈ ਜਾ ਰਹੀ ਹੈ। -ਆਈਏਐਨਐੱਸ
ਮਹਾਰਾਸ਼ਟਰ ਸਰਕਾਰ ਨੇ ਪੂਨਾਵਾਲਾ ਨੂੰ ਧਮਕੀਆਂ ਖ਼ਿਲਾਫ਼ ਸ਼ਿਕਾਇਤ ਦੇਣ ਲਈ ਕਿਹਾ
ਮਹਾਰਾਸ਼ਟਰ ਸਰਕਾਰ ਨੇ ਸੀਰਮ ਇੰਸਟੀਚਿਊਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਨੂੰ ਮਿਲੀਆਂ ਧਮਕੀਆਂ ਖ਼ਿਲਾਫ਼ ਸ਼ਿਕਾਇਤ ਦੇ ਸਕਦੇ ਹਨ। ਰਾਜ ਸਰਕਾਰ ਇਨ੍ਹਾਂ ਦੀ ਪੂਰੀ ਜਾਂਚ ਕਰਵਾਏਗੀ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਪੂਨਾਵਾਲਾ ਨੇ ਕਿਹਾ ਸੀ ਕਿ ਵੈਕਸੀਨ ਦੀ ਮੰਗ ਦਾ ਦਬਾਅ ਵਧਦਾ ਜਾ ਰਿਹਾ ਹੈ ਤੇ ਕੁਝ ਤਾਕਤਵਰ ਲੋਕ ਭਾਰਤ ਵਿਚ ਉਨ੍ਹਾਂ ਨੂੰ ਗੁੱਸੇ ਵਿਚ ਫੋਨ ਕਾਲਾਂ ਕਰ ਰਹੇ ਹਨ। ਇਸੇ ਦਬਾਅ ਕਾਰਨ ਉਹ ਪਰਿਵਾਰ ਸਣੇ ਯੂਕੇ ਆ ਗਏ ਹਨ ਤੇ ਕੁਝ ਦਿਨਾਂ ਬਾਅਦ ਪਰਤਣਗੇ। ਮਹਾਰਾਸ਼ਟਰ ਦੇ ਮੰਤਰੀ ਸ਼ੰਬੂਰਾਜੇ ਦੇਸਾਈ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੂਨਾਵਾਲਾ ਨੂੰ ਸ਼ਿਕਾਇਤ ਦੇਣੀ ਚਾਹੀਦੀ ਹੈ ਤੇ ਰਾਜ ਸਰਕਾਰ ਜਾਂਚ ਕਰਵਾਏਗੀ। -ਪੀਟੀਆਈ