ਨਵੀਂ ਦਿੱਲੀ, 1 ਫਰਵਰੀ
ਕੇਂਦਰੀ ਮੰਤਰੀ ਮੰਡਲ ਨੇ ਅੰਤੋਦਿਆ ਅੰਨ ਯੋਜਨਾ ’ਚ ਸ਼ਾਮਲ 1.89 ਕਰੋੜ ਪਰਿਵਾਰਾਂ ਨੂੰ ਰਾਸ਼ਨ ਦੀਆਂ ਦੁਕਾਨਾਂ ਰਾਹੀਂ ਵੰਡੀ ਜਾਣ ਵਾਲੀ ਚੀਨੀ ’ਤੇ ਸਬਸਿਡੀ ਦੋ ਹੋਰ ਸਾਲ ਲਈ ਵਧਾ ਦਿੱਤੀ ਹੈ। ਇਸ ਦੇ ਨਾਲ ਮੰਤਰੀ ਮੰਡਲ ਨੇ ਕੱਪੜਿਆਂ ਲਈ ਬਰਾਮਦ ਇੰਸੈਂਟਿਵ ਯੋਜਨਾ ਮਾਰਚ 2026 ਤੱਕ ਜਾਰੀ ਰੱਖਣ ਨੂੰ ਵੀ ਮਨਜ਼ੂਰੀ ਦਿੱਤੀ ਹੈ। ਮੰਤਰੀ ਮੰਡਲ ਨੇ ਯੂਰੀਆ ਪਲਾਟਾਂ ਨੂੰ ਘਰੇਲੂ ਗੈਸ ਦੀ ਸਪਲਾਈ ਲਈ ਪਹਿਲੀ ਮਈ, 2009 ਤੋਂ 17 ਨਵੰਬਰ, 2015 ਤੱਕ ਦੇ ਸਮੇਂ ਲਈ ਮਾਰਕੀਟਿੰਗ ਮਾਰਜਿਨ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ’ਚ ਜਨਤਕ ਵੰਡ ਯੋਜਨਾ ਰਾਹੀਂ ਵੰਡੀ ਜਾਣ ਵਾਲੀ ਚੀਨੀ ’ਤੇ ਸਬਸਿਡੀ ਦੀ ਯੋਜਨਾ 31 ਮਾਰਚ, 2026 ਤੱਕ ਵਧਾਉਣ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਗਈ। ਬਿਆਨ ਮੁਤਾਬਕ ਸਰਕਾਰ ਚੀਨੀ ’ਤੇ ਹਰ ਮਹੀਨੇ ਸਾਢੇ 18 ਰੁਪਏ ਪ੍ਰਤੀ ਕਿਲੋ ਸਬਸਿਡੀ ਦਿੰਦੀ ਹੈ। -ਪੀਟੀਆਈ