ਨਵੀਂ ਦਿੱਲੀ, 18 ਅਕਤੂਬਰ
ਸਰਕਾਰ ਕਿੰਨਰਾਂ ਦੇ ਵਿਸ਼ੇਸ਼ ਸ਼ਨਾਖ਼ਤੀ ਕਾਰਡ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ ਜਿਸ ਨਾਲ ਉਨ੍ਹਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਭਲਾਈ ਸਕੀਮਾਂ ਦਾ ਲਾਭ ਲੈਣ ਵਿੱਚ ਮਦਦ ਮਿਲੇਗੀ। ਇਹ ਜਾਣਕਾਰੀ ਹਾਲ ਹੀ ਵਿੱਚ ਕਿੰਨਰਾਂ ਲਈ ਗਠਿਤ ਕੌਮੀ ਕੌਂਸਲ ਦੇ ਇਕ ਮੈਂਬਰ ਨੇ ਦਿੱਤੀ। ਕੇਂਦਰ ਸਰਕਾਰ ਨੇ ਅਗਸਤ ਮਹੀਨੇ ਵਿੱਚ ਇਸ ਭਾਈਚਾਰੇ ਦੇ ਮੈਂਬਰਾਂ ਨੂੰ ਸਮਾਜ ਵਿੱਚ ਸਮਾਨਤਾ ਦਾ ਅਧਿਕਾਰ ਦਿਵਾਉਣ ਲਈ ਨੀਤੀਆਂ, ਪ੍ਰੋਗਰਾਮ ਤੇ ਕਾਨੂੰਨ ਬਣਾਉਣ ਵਿੱਚ ਮਦਦ ਦੇਣ ਲਈ ਕੌਮੀ ਕੌਂਸਲ ਦਾ ਗਠਨ ਕੀਤਾ ਸੀ। ਕੌਂਸਲ ਦੀ ਪਹਿਲੀ ਮੀਟਿੰਗ ਵੀਡੀਓ ਕਾਨਫਰੰਸਿੰਗ ਰਾਹੀਂ ਵੀਰਵਾਰ ਨੂੰ ਹੋਈ ਸੀ, ਜਿਸ ਦੀ ਪ੍ਰਧਾਨਗੀ ਸਮਾਜਿਕ ਨਿਆਂ ਮੰਤਰੀ ਥਾਵਰ ਚੰਦ ਗਹਿਲੋਤ ਨੇ ਕੀਤੀ ਸੀ। ਕਿੰਨਰ ਭਾਈਚਾਰੇ ਦੀ ਪੂਰਬੀ ਖਿੱਤੇ ਦੀ ਨੁਮਾਇੰਦਗੀ ਕਰ ਰਹੀ ਮੈਂਬਰ ਮੀਰਾ ਪਰੀਦਾ ਨੇ ਦੱਸਿਆ ਕਿ ਇਹ ਮੀਟਿੰਗ ਇਕ ਘੰਟੇ ਚੱਲੀ ਤੇ ਇਸ ਵਿੱਚ ਭਾਈਚਾਰੇ ਨੂੰ ਦਰਪੇਸ਼ ਵੱਖ ਵੱਖ ਮੁੱਦਿਆਂ ’ਤੇ ਚਰਚਾ ਹੋਈ। ਇਸ ਦੌਰਾਨ ਕਿੰਨਰਾਂ ਦੇ ਸ਼ਨਾਖ਼ਤੀ ਕਾਰਡ ਬਣਾਉਣ ਤੇ ਉਨ੍ਹਾਂ ਨੂੰ ਸਰਕਾਰੀ ਭਲਾਈ ਸਕੀਮਾਂ ਨਾਲ ਜੋੜਨ ’ਤੇ ਵੀ ਚਰਚਾ ਹੋਈ। -ਪੀਟੀਆਈ