ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਅਗਸਤ
ਸੰਯੁਕਤ ਕਿਸਾਨ ਮੋਰਚੇ ਦੀ ਪਹਿਲੀ ਆਲ ਇੰਡੀਆ ਕਾਨਫਰੰਸ ਅੱਜ ਸਿੰਘੂ ਬਾਰਡਰ ’ਤੇ ਸ਼ੁਰੂ ਹੋਈ। ਕਾਨਫਰੰਸ ਵਿਚ ਕਿਸਾਨ ਅੰਦੋਲਨ ਨੂੰ ਵਿਸਥਾਰ ਦੇਣ ਅਤੇ ਹੋਰ ਤਿੱਖਾ ਕਰਨ ’ਤੇ ਧਿਆਨ ਕੇਂਦਰਤ ਕੀਤਾ ਗਿਆ। ਇਤਿਹਾਸਕ ਸੰਮੇਲਨ ਵਿੱਚ 22 ਸੂਬਿਆਂ ਨਾਲ ਸਬੰਧਤ 300 ਤੋਂ ਵੱਧ ਕਿਸਾਨ ਅਤੇ ਖੇਤ ਮਜ਼ਦੂਰ ਯੂਨੀਅਨਾਂ, 18 ਆਲ ਇੰਡੀਆ ਟਰੇਡ ਯੂਨੀਅਨਾਂ, 9 ਮਹਿਲਾ ਸੰਗਠਨ ਅਤੇ 17 ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਦੇ ਪ੍ਰਤੀਨਿਧ ਹਿੱਸਾ ਲੈ ਰਹੇ ਹਨ। ਕਿਸਾਨ ਕਾਨਫਰੰਸ ਦਾ ਉਦਘਾਟਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੀਤਾ ਅਤੇ ਸਾਰੀਆਂ ਮੰਗਾਂ ਪੂਰੀਆਂ ਹੋਣ ਤੱਕ ਸ਼ਾਂਤਮਈ ਧਰਨਾ ਜਾਰੀ ਰੱਖਣ ਦੇ ਕਿਸਾਨਾਂ ਦੇ ਸੰਕਲਪ ਦੀ ਪੁਸ਼ਟੀ ਕੀਤੀ। ਇਸ ਤੋਂ ਬਾਅਦ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸੋਗ ਮਤਾ ਪੇਸ਼ ਕੀਤਾ ਗਿਆ। ਕਾਨਫਰੰਸ ਦੀ ਇੰਤਜ਼ਾਮੀਆ ਕਮੇਟੀ ਦੇ ਕਨਵੀਨਰ ਡਾਕਟਰ ਆਸ਼ੀਸ਼ ਮਿੱਤਲ ਨੇ ਪੇਸ਼ ਮਤਿਆਂ ਵਿੱਚ ਲੋਕਾਂ ਨੂੰ ਦੇਸ਼ ਭਰ ਵਿੱਚ ਚੱਲ ਰਹੇ ਸੰਘਰਸ਼ ਨੂੰ ਤੇਜ਼ ਕਰਨ, ਹੋਰ ਅੱਗੇ ਵਧਾਉਣ ਅਤੇ ਫੈਲਾਉਣ ਦੀ ਅਪੀਲ ਕੀਤੀ। ਸ੍ਰੀ ਟਿਕੈਤ ਨੇ ਕਿਹਾ ਕਿ ਦੇਸ਼ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਖ਼ਤਰਨਾਕ ਨੀਤੀ ਲਾਗੂ ਕੀਤੀ ਜਾ ਰਹੀ ਹੈ ਅਤੇ ਦੇਸ਼ ਦੇ ਮੁੱਖ ਸਰਕਾਰੀ ਅਦਾਰੇ ਪ੍ਰਾਈਵੇਟ ਸੈਕਟਰ ਨੂੰ ਵੇਚਣ ਲਈ ਲਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਕੱਠੇ ਹੋਣਾ ਪਵੇਗਾ ਤਾਂ ਹੀ ਦੇਸ਼ ਬਚੇਗਾ। ਸੰਮੇਲਨ ਦੌਰਾਨ ਯੋਗੇਂਦਰ ਯਾਦਵ ਨੇ ਕਿਹਾ,‘‘ਹੁਣ ਮੋਰਚਾ ਨਵੇਂ ਸੰਘਰਸ਼ ਦਾ ਰਾਹ ਫੜੇਗਾ ਅਤੇ ਇਹ ਨਵਾਂ ਜਨਮ ਹੈ।’’ ਰਾਜਾ ਰਾਮ ਸਿੰਘ ਪਟਨਾ ਨੇ ਕਿਹਾ ਕਿ ਬਿਹਾਰ ’ਚ ਐੱਮਐੱਸਪੀ ਲਈ ਕਿਸਾਨ ਸੰਘਰਸ਼ ਕਰ ਰਹੇ ਹਨ ਅਤੇ ਇਹ ਲੜਾਈ ਬੇਜ਼ਮੀਨੇ ਵਾਹੀਕਾਰਾਂ, ਮਾਲਕੀ ਵਾਲੇ ਕਿਸਾਨਾਂ ਸਮੇਤ ਸਾਰੇ ਖੇਤੀ ਉਪਰ ਨਿਰਭਰ ਵਰਗਾਂ ਦੀ ਸਾਂਝੀ ਹੈ। ਸਮਾਜਿਕ ਕਾਰਕੁਨ ਮੇਧਾ ਪਾਟੇਕਰ ਨੇ ਕਿਹਾ ਕਿ ਕਿਸਾਨਾਂ ਦੇ ਨਾਲ-ਨਾਲ ਮਛੇਰਿਆਂ, ਆਦਿਵਾਸੀਆਂ ਅਤੇ ਗ਼ਰੀਬਾਂ ਨੂੰ ਵੀ ਇਸ ਅੰਦੋਲਨ ਦਾ ਭਰਵਾਂ ਹਿੱਸਾ ਬਣਾਇਆ ਜਾਵੇ। ਕਿਸਾਨ ਆਗੂ ਡਾ. ਦਰਸ਼ਨ ਪਾਲ ਸਮੇਤ ਹੋਰ ਬੁਲਾਰਿਆਂ ਨੇ ਕਿਸਾਨੀ ਦੇ ਮੁੱਦੇ ਉਭਾਰੇ। ਹਰਿਆਣਾ ਤੋਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਪੰਜਾਬ ਵਿੱਚ 69 ਲੱਖ ਵੋਟਾਂ ਨਾਲ ਸੂਬਾ ਸਰਕਾਰ ਬਣੀ ਜਦੋਂ ਕਿ ਕਿਸਾਨਾਂ ਦੀਆਂ ਹੀ 80-90 ਲੱਖ ਵੋਟਾਂ ਹਨ, ਜੇਕਰ ਉਹ ਹੋਰਨਾਂ ਨੂੰ ਪਿੰਡਾਂ ਵਿੱਚ ਨਾ ਆਉਣ ਦੇਣ ਤਾਂ ਕਿਸਾਨ ਖ਼ੁਦ ਦੀ ਸਰਕਾਰ ਬਣਾ ਸਕਦੇ ਹਨ। ਇਸੇ ਤਰ੍ਹਾਂ ਯੂਪੀ ਦੀ ਸਰਕਾਰ 3.50 ਕਰੋੜ ਵੋਟਾਂ ਨਾਲ ਬਣੀ ਹੋਈ ਹੈ ਜਦੋਂ ਕਿ ਉੱਥੇ ਕਿਸਾਨਾਂ ਦੀਆਂ 8 ਕਰੋੜ ਵੋਟਾਂ ਹਨ।
ਉਨ੍ਹਾਂ ਕਿਹਾ ਕਿ ਇੱਕ ਵਾਰ ਪ੍ਰਧਾਨ ਮੰਤਰੀ ਨਿਵਾਸ ਘੇਰਿਆ ਜਾਵੇ ਤਾਂ ਸਰਕਾਰ ਨੂੰ ਮਜਬੂਰ ਕੀਤਾ ਜਾ ਸਕਦਾ ਹੈ। ਸੰਮੇਲਨ ਦੇ ਤਿੰਨ ਸੈਸ਼ਨਾਂ ’ਚੋਂ ਪਹਿਲਾ ਕਾਲੇ ਕਾਨੂੰਨਾਂ ਨਾਲ ਸਬੰਧਤ, ਦੂਜਾ ਉਦਯੋਗਿਕ ਕਾਮਿਆਂ ਨੂੰ ਸਮਰਪਿਤ ਅਤੇ ਤੀਜਾ ਖੇਤ ਮਜ਼ਦੂਰਾਂ, ਪੇਂਡੂ ਗਰੀਬਾਂ ਅਤੇ ਆਦਿਵਾਸੀਆਂ ਦੇ ਮੁੱਦਿਆਂ ਨਾਲ ਸਬੰਧਤ ਸੀ। ਦੂਜੇ ਸੈਸ਼ਨ ਵਿੱਚ ਦੇਸ਼ ਦੀਆਂ ਜ਼ਿਆਦਾਤਰ ਟਰੇਡ ਯੂਨੀਅਨਾਂ ਦੇ ਨੇਤਾਵਾਂ ਨੇ ਮਜ਼ਦੂਰਾਂ ਉਪਰ ਥੋਪੇ ਗਏ 4 ਲੇਬਰ ਕੋਡਾਂ ਦੇ ਗੈਰ-ਜਮਹੂਰੀ ਅਤੇ ਲੋਕ ਵਿਰੋਧੀ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ। ਸੰਮੇਲਨ ਦੇ ਹਰੇਕ ਸੈਸ਼ਨ ਵਿੱਚ 15 ਬੁਲਾਰਿਆਂ ਨੇ ਵਿਚਾਰ-ਵਟਾਂਦਰਾ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਬੂਟਾ ਸਿੰਘ ਬੁਰਜਗਿੱਲ, ਮਨਜੀਤ ਸਿੰਘ ਧਨੇਰ, ਜਗਮੋਹਣ ਸਿੰਘ ਪਟਿਆਲਾ ਨੇ ਕਿਹਾ ਕਿ ਸਾਂਝੇ ਘੋਲਾਂ ਦੀ ਵਿਰਾਸਤ ਮੌਜੂਦਾ ਕਿਸਾਨ ਅੰਦੋਲਨ ਵਿੱਚ ਸਪੱਸ਼ਟ ਵਿਖਾਈ ਦੇ ਰਹੀ ਹੈ ਜੋ ਰਾਹ ਦਸੇਰਾ ਬਣ ਸਕਦੀ ਹੈ।