ਨਵੀਂ ਦਿੱਲੀ, 18 ਅਗਸਤ
ਸ਼ਹਿਰੀ ਹਵਾਬਾਜ਼ੀ ਮੰਤਰਾਲਾ ਬੁੱਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਅੱਗੇ ਕੁਝ ਹੋਰ ਹਵਾਈ ਅੱਡਿਆਂ ਦੇ ਨਿੱਜੀਕਰਨ ਦਾ ਪ੍ਰਸਤਾਵ ਰੱਖੇਗਾ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਦੱਸਿਆ ਕਿ ਮੰਤਰਾਲਾ ਹੋਰ ਹਵਾਈ ਅੱਡਿਆਂ ਦੇ ਨਿੱਜੀਕਰਨ ਦਾ ਹਾਮੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਨੇ ਫਰਵਰੀ 2019 ਵਿਚ ਪਹਿਲੇ ਗੇੜ ਵਿਚ ਲਖਨਊ, ਅਹਿਮਦਾਬਾਦ, ਜੈਪੁਰ, ਮੰਗਲੌਰ, ਤਿਰੂਵਨੰਤਪੁਰਮ ਅਤੇ ਗੁਹਾਟੀ ਹਵਾਈ ਅੱਡਿਆਂ ਦੇ ਜਨਤਕ-ਨਿਜੀ-ਭਾਈਵਾਲੀ (ਪੀਪੀਪੀ) ਮਾਡਲ ਦੇ ਸੰਚਾਲਨ, ਪ੍ਰਬੰਧਨ ਅਤੇ ਵਿਕਾਸ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਦੇ ਬਾਅਦ ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਨੇ ਸਤੰਬਰ 2019 ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਅੰਮ੍ਰਿਤਸਰ, ਵਾਰਾਣਸੀ, ਭੁਵਨੇਸ਼ਵਰ, ਇੰਦੌਰ, ਰਾਏਪੁਰ ਅਤੇ ਤ੍ਰਿਚੀ ਦੇ ਹਵਾਈ ਅੱਡਿਆਂ ਦੇ ਨਿੱਜੀਕਰਨ ਦੀ ਸਿਫਾਰਸ਼ ਕੀਤੀ ਸੀ।ਅੱਜ ਵੈਬਿਨਾਰ ਦੌਰਾਨ ਸ੍ਰੀ ਪੁਰੀ ਨੇ ਕਿਹਾ, “ਅਸੀਂ ਭਲਕੇ ਮੰਤਰੀ ਮੰਡਲ ਦੇ ਅੱਗੇ ਹੋਰ ਹਵਾਈ ਅੱਡਿਆਂ ਦੇ ਨਿੱਜੀਕਰਨ ਦਾ ਪ੍ਰਸਤਾਵ ਕਰਾਂਗੇ। ਕਰੀਬ ਦਰਜਨ ਹਵਾਈ ਅੱਡਿਆਂ ਦਾ ਹੋਰ ਨਿੱਜੀਕਰਨ ਕੀਤਾ ਜਾਵੇਗਾ। ਹੁਣ ਤੋਂ ਸਾਲ 2030 ਤੱਕ ਅਸੀਂ 100 ਨਵੇਂ ਹਵਾਈ ਅੱਡੇ ਬਣਾਵਾਂਗੇ।’ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਧੀਨ ਏਏਆਈ ਦੇਸ਼ ਭਰ ਦੇ 100 ਤੋਂ ਵੱਧ ਹਵਾਈ ਅੱਡਿਆਂ ਦਾ ਮਾਲਕ ਹੈ। ਸਾਲ 2018 ਵਿੱਚ ਸਰਕਾਰ ਨੇ ਲਖਨਊ, ਅਹਿਮਦਾਬਾਦ, ਜੈਪੁਰ, ਮੰਗਲੌਰ, ਤਿਰੂਵਨੰਤਪੁਰਮ ਅਤੇ ਗੁਹਾਟੀ ਹਵਾਈ ਅੱਡਿਆਂ ਦਾ ਨਿੱਜੀਕਰਨ ਕਰਨ ਦਾ ਫੈਸਲਾ ਕੀਤਾ ਸੀ।