ਨਵੀਂ ਦਿੱਲੀ, 15 ਨਵੰਬਰ
ਕੇਂਦਰ ਸਰਕਾਰ ਵੱਲੋਂ ਕ੍ਰਿਪਟੋ ਕਰੰਸੀ ਬਾਰੇ ਸੰਸਦ ਦੇ ਸਰਦ ਰੁੱਤ ਇਜਲਾਸ ’ਚ ਬਿੱਲ ਪੇਸ਼ ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਕਿਹਾ ਕਿ ਅਜਿਹੀ ਕਰੰਸੀ ਰਾਹੀਂ ਅਤਿਵਾਦੀ ਸਰਗਰਮੀਆਂ ਲਈ ਫੰਡਿੰਗ ਕਰਨ ਦੇ ਖਦਸ਼ਿਆਂ ’ਤੇ ਨੱਥ ਪਾਉਣ ਲਈ ਇਹ ਬਿੱਲ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਅਜਿਹੀਆਂ ਕਰੰਸੀਆਂ ਰਾਹੀਂ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਦੇ ਯਤਨਾਂ ਨੂੰ ਵੀ ਰੋਕਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਕ੍ਰਿਪਟੋ ਕਰੰਸੀ ਬਾਰੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ ਜਿਸ ’ਚ ਸੰਕੇਤ ਦਿੱਤੇ ਗਏ ਸਨ ਕਿ ਇਸ ਮੁੱਦੇ ’ਤੇ ਸਖ਼ਤੀ ਨਾਲ ਨਜਿੱਠਣ ਲਈ ਕਦਮ ਉਠਾਏ ਜਾਣਗੇ। ਬਿੱਲ ਦੇ ਕੇਂਦਰੀ ਕੈਬਨਿਟ ਤੋਂ ਪ੍ਰਵਾਨਗੀ ਮਿਲਣ ਮਗਰੋਂ ਸਰਕਾਰ ਦੀ ਸੰਸਦ ਦੇ ਇਜਲਾਸ ਦੇ ਪਹਿਲੇ ਹਫ਼ਤੇ ’ਚ ਇਹ ਬਿੱਲ ਪੇਸ਼ ਕਰਨ ਦੀ ਯੋਜਨਾ ਹੈ। ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਨੇ ਵੀ ਬੀਤੇ ’ਚ ਕ੍ਰਿਪਟੋ ਕਰੰਸੀਆਂ ਬਾਰੇ ਖ਼ਦਸ਼ੇ ਪ੍ਰਗਟਾਏ ਸਨ।
ਉਧਰ ਭਾਜਪਾ ਆਗੂ ਜਯੰਤ ਸਿਨਹਾ ਦੀ ਅਗਵਾਈ ਵਾਲੀ ਸੰਸਦੀ ਕਮੇਟੀ ਨੇ ਸੋਮਵਾਰ ਨੂੰ ਕ੍ਰਿਪਟੋ ਵਿੱਤ ਅਤੇ ਕ੍ਰਿਪਟੋ ਕਰੰਸੀ ਦੇ ਗੁਣ ਦੋਸ਼ਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਕਈ ਮੈਂਬਰ ਕ੍ਰਿਪਟੋ ਕਰੰਸੀ ’ਤੇ ਪਾਬੰਦੀ ਲਗਾਉਣ ਦੀ ਥਾਂ ਇਸ ਨੂੰ ਬਾਜ਼ਾਰ ਵਿੱਚ ਲਿਆਉਣ ਦੇ ਪੱਖ ਵਿੱਚ ਹਨ। ਸੂਤਰਾਂ ਅਨੁਸਾਰ ਇਹ ਮੀਟਿੰਗ ਕ੍ਰਿਪਟੋ ਕਰੰਸੀ ਸਬੰਧੀ ਵੱਖ ਵੱਖ ਵਰਗਾਂ ਵਿੱਚ ਵਧਦੀ ਚਿੰਤਾ ਅਤੇ ਉਸ ਵਿੱਚ ਵਪਾਰ ਨੂੰ ਦਰਪੇਸ਼ ਸੰਭਾਵਿਤ ਜੋਖ਼ਮਾਂ ਦੇ ਪਿਛੋਕੜ ਦੇ ਮੱਦੇਨਜ਼ਰ ਕੀਤੀ ਗਈ, ਖਾਸਕਰ ਜਦ ਤੋਂ ਵਿਸ਼ਵ ਵਿੱਚ ਅਜਿਹੀ ਸੰਪਤੀ ਵਿੱਚ ਲੋਕਾਂ ਦੀ ਰੁਚੀ ਵਧ ਰਹੀ ਹੈ। ਮੌਜੂਦਾ ਸਮੇਂ ਵਿੱਚ ਮੁਲਕ ਵਿੱਚ ਨਾ ਤਾਂ ਇਸ ਸਬੰਧੀ ਵਿਸ਼ੇਸ਼ ਨਿਯਮ ਹਨ ਅਤੇ ਨਾ ਹੀ ਕ੍ਰਿਪਟੋ ਕਰੰਸੀ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਹੈ। -ਏਜੰਸੀ
ਨਿਰਮਲਾ ਵੱਲੋਂ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਵਿੱਤ ਮੰਤਰੀਆਂ ਨਾਲ ਬੈਠਕ
ਨਵੀਂ ਦਿੱਲੀ: ਕੋਵਿਡ-19 ਮਹਾਮਾਰੀ ਮਗਰੋਂ ਅਰਥਚਾਰੇ ਨੂੰ ਪੈਰਾ ਸਿਰ ਕਰਨ ਲਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਵਿੱਤ ਮੰਤਰੀਆਂ ਨਾਲ ਇਥੇ ਵੀਡੀਓ ਕਾਨਫਰੰਸਿੰਗ ਰਾਹੀਂ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਦੇ ਵੇਰਵੇ ਦਿੰਦਿਆਂ ਵਿੱਤ ਸਕੱਤਰ ਟੀ ਵੀ ਸੋਮਾਨਾਥਨ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਅਰਥਚਾਰਾ ਨਿਘਾਰ ਵੱਲ ਚਲਾ ਗਿਆ ਸੀ ਜਦਕਿ ਮੌਜੂਦਾ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਮਗਰੋਂ ਅਰਥਚਾਰੇ ਨੇ ਚੰਗੀ ਰਫ਼ਤਾਰ ਫੜੀ ਹੈ ਅਤੇ ਇਸ ਦੇ ਸਿੱਟੇ ਸਾਹਮਣੇ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਸੂਬਿਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਗਈ। ਕੁਝ ਆਰਥਿਕ ਸੰਕੇਤ ਕਰੋਨਾ ਮਹਾਮਾਰੀ ਤੋਂ ਪਹਿਲਾਂ ਦੇ ਅਰਥਚਾਰੇ ਵਾਲੇ ਹਨ। ਕੌਮਾਂਤਰੀ ਮੁਦਰਾ ਕੋਸ਼ ਅਤੇ ਵਿਸ਼ਵ ਬੈਂਕ ਨੇ ਭਾਰਤ ਦੀ ਵਿਕਾਸ ਦਰ ਕ੍ਰਮਵਾਰ ਸਾਢੇ 9 ਅਤੇ 8.3 ਫ਼ੀਸਦੀ ਵਿਚਾਲੇ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਦੇਸ਼ੀ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ ਅਤੇ ਇਨ੍ਹਾਂ ਮੌਕਿਆਂ ਦਾ ਲਾਹਾ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਰਥਚਾਰੇ ਨੂੰ ਲੀਹਾਂ ’ਤੇ ਲਿਆਉਣ ਲਈ ਸੂਬਿਆਂ ਦੀ ਵੀ ਅਹਿਮ ਭੂਮਿਕਾ ਹੈ। -ਏਜੰਸੀ