ਨਵੀਂ ਦਿੱਲੀ, 22 ਜੁਲਾਈ
ਰਾਜ ਸਭਾ ’ਚ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਵੱਲੋਂ ਕੀਤੇ ਗਏ ਕਥਿਤ ਮਾੜੇ ਵਿਹਾਰ ਖ਼ਿਲਾਫ਼ ਸਰਕਾਰ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਸਕਦੀ ਹੈ। ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਜਦੋਂ ਕਥਿਤ ਜਾਸੂਸੀ ਵਿਵਾਦ ਬਾਰੇ ਬਿਆਨ ਦੇ ਰਹੇ ਸਨ ਤਾਂ ਟੀਐੱਮਸੀ ਮੈਂਬਰ ਸ਼ਾਂਤਨੂੰ ਸੈਨ ਨੇ ਉਨ੍ਹਾਂ ਤੋਂ ਕਾਗਜ਼ ਖੋਹ ਕੇ ਪਾੜ ਦਿੱਤੇ। ਸਰਕਾਰੀ ਸੂਤਰਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਕੁਝ ਸੰਸਦ ਮੈਂਬਰਾਂ ਨੇ ਸਦਨ ਦੀ ਕਾਰਵਾਈ ਮੁਲਤਵੀ ਹੋਣ ਦੇ ਬਾਅਦ ਵੀ ਮੰਤਰੀ ਸਮੇਤ ਹੁਕਮਰਾਨ ਧਿਰ ਦੇ ਮੈਂਬਰਾਂ ਨਾਲ ‘ਦੁਰਵਿਹਾਰ’ ਕੀਤਾ। ਇਕ ਕੇਂਦਰੀ ਮੰਤਰੀ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ’ਤੇ ਕਿਹਾ ਕਿ ਸਰਕਾਰ ਰਾਜ ਸਭਾ ਦੇ ਚੇਅਰਮੈਨ ਕੋਲ ਪਹੁੰਚ ਕਰਕੇ ਸੰਸਦ ਮੈਂਬਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰੇਗੀ ਕਿਉਂਕਿ ਉਨ੍ਹਾਂ ਦਾ ਵਤੀਰਾ ਸੰਸਦੀ ਮਰਿਆਦਾ ਨੂੰ ਢਾਹ ਲਾਉਣ ਵਾਲਾ ਹੈ। ਕੇਂਦਰੀ ਮੰਤਰੀ ਵੈਸ਼ਨਵ ਪੈਗਾਸਸ ਜਾਸੂਸੀ ਕਾਂਡ ਬਾਰੇ ਜਦੋਂ ਬਿਆਨ ਦੇਣ ਵਾਲੇ ਸਨ ਤਾਂ ਟੀਐੱਮਸੀ, ਕਾਂਗਰਸ ਅਤੇ ਵਿਰੋਧੀ ਧਿਰ ਦੇ ਹੋਰ ਮੈਂਬਰ ਰੌਲਾ ਪਾਉਂਦੇ ਹੋਏ ਸਦਨ ਦੇ ਐਨ ਵਿਚਕਾਰ ਆ ਗਏ। ਸੂਤਰਾਂ ਨੇ ਕਿਹਾ ਕਿ ਸਦਨ ਦੇ ਆਗੂ ਪਿਯੂਸ਼ ਗੋਇਲ ਅਤੇ ਉਪ ਨੇਤਾ ਮੁਖਤਾਰ ਅੱਬਾਸ ਨਕਵੀ ਨੇ ਵਿਰੋਧੀ ਧਿਰ ਦੇ ਮੈਂਬਰਾਂ ਕੋਲ ਪਹੁੰਚ ਕਰਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਮੰਤਰੀ ਬਿਆਨ ਜਾਰੀ ਕਰਨ ਮਗਰੋਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ ਪਰ ਉਨ੍ਹਾਂ ਦੀ ਕਿਸੇ ਗੱਲ ਨਾ ਸੁਣੀ। ਇਸ ਦੌਰਾਨ ਸਦਨ ’ਚ ਗਰਮਾ-ਗਰਮ ਬਹਿਸ ਵੀ ਹੋਈ ਅਤੇ ਤਣਾਅ ਦਾ ਮਾਹੌਲ ਬਣਿਆ ਰਿਹਾ। ਸੈਨ ਨੇ ਦੋਸ਼ ਲਾਇਆ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਉਨ੍ਹਾਂ ਨੂੰ ਗਾਲ੍ਹ ਕੱਢੀ ਅਤੇ ਉਹ ਕੁੱਟਮਾਰ ਵੀ ਕਰਨ ਵਾਲੇ ਸਨ ਪਰ ਉਨ੍ਹਾਂ ਦੇ ਸਾਥੀਆਂ ਨੇ ਬਚਾਅ ਲਿਆ। ਸ੍ਰੀ ਪੁਰੀ ਨੇ ਇਸ ਮੁੱਦੇ ’ਤੇ ਅਜੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਹੁਕਮਰਾਨ ਭਾਜਪਾ ਨੇ ਦੋਸ਼ ਲਾਇਆ ਹੈ ਕਿ ਵਿਰੋਧੀ ਧਿਰ ਦੇ ਰਵੱਈਏ ਨੇ ਸੰਸਦ ਦਾ ਅਕਸ ਹੋਰ ਡੇਗ ਦਿੱਤਾ ਹੈ। -ਪੀਟੀਆਈ