ਪ੍ਰਯਾਗਰਾਜ (ਉੱਤਰ ਪ੍ਰਦੇਸ਼), 25 ਜੁਲਾਈ
ਸਮਾਜਵਾਦੀ ਪਾਰਟੀ ਦੇ ਇਕ ਵਿਧਾਇਕ ਦੀ ਹੱਤਿਆ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਉੱਤਰ ਪ੍ਰਦੇਸ਼ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਵਿਧਾਇਕ ਉਦੈਭਾਨ ਕਰਵਰੀਆ ਨੂੰ ਰਾਜਪਾਲ ਆਨੰਦੀਬੇਨ ਪਟੇਲ ਵੱਲੋਂ ਮੁਆਫ਼ੀ ਦਿੱਤੇ ਜਾਣ ਤੋਂ ਬਾਅਦ ਅੱਜ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ।
ਨੈਨੀ ਸੈਂਟਰਲ ਜੇਲ੍ਹ ਦੇ ਸੀਨੀਅਰ ਸੁਪਰਡੈਂਟ ਰੰਗ ਬਹਾਦਰ ਪਟੇਲ ਨੇ ਦੱਸਿਆ, ‘‘ਉਦੈਭਾਨ ਕਰਵਰੀਆ ਦੀ ਰਿਹਾਈ ਦੇ ਆਦੇਸ਼ ਬੁੱਧਵਾਰ ਸ਼ਾਮ ਨੂੰ ਪ੍ਰਾਪਤ ਹੋਏ। ਆਦੇਸ਼ ’ਤੇ ਅਮਲ ਕਰਦੇ ਹੋਏ ਉਨ੍ਹਾਂ ਨੂੰ ਅੱਜ ਸਵੇਰੇ ਰਿਹਾਅ ਕਰ ਦਿੱਤਾ ਗਿਆ।’’ ਰਾਜਪਾਲ ਨੇ ਸੰਵਿਧਾਨ ਦੀ ਧਾਰਾ 161 ਤਹਿਤ ਮਿਲੀਆਂ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਕਰਵਰੀਆ ਦੀ ਸਮੇਂ ਤੋਂ ਪਹਿਲਾਂ ਰਿਹਾਈ ਵਾਸਤੇ ਸੂਬਾ ਸਰਕਾਰ ਦੀ ਸਿਫਾਰਸ਼ ਨੂੰ ਸਵੀਕਾਰ ਕਰਦੇ ਹੋਏ ਉਸ ਨੂੰ ਰਿਹਾਅ ਕਰਨ ਦਾ ਆਦੇਸ਼ ਜਾਰੀ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਯਾਗਰਾਜ ਦੇ ਐੱਸਐੱਸਪੀ ਅਤੇ ਜ਼ਿਲ੍ਹਾ ਮੈਜਿਸਟਰੇਟ ਨੇ ਜੇਲ੍ਹ ਵਿੱਚ ਕਰਵਰੀਆ ਦੇ ਚੰਗੇ ਚਾਲ-ਚਲਣ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਰਿਹਾਅ ਕਰਨ ਦੀ ਸਿਫਾਰਸ਼ ਕੀਤੀ ਸੀ।
ਪ੍ਰਯਾਗਰਾਜ ਵਿੱਚ ਇਕ ਵਧੀਕ ਸੈਸ਼ਨ ਜੱਜ ਨੇ ਸਮਾਜਵਾਦੀ ਪਾਰਟੀ ਦੇ ਵਿਧਾਇਕ ਜਵਾਹਰ ਯਾਦਵ ਦੀ ਅਗਸਤ 1996 ਵਿੱਚ ਹੋਈ ਹੱਤਿਆ ਦੇ ਮਾਮਲੇ ਵਿੱਚ 4 ਨਵੰਬਰ 2019 ਨੂੰ ਕਰਵਰੀਆ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਯਾਦਵ ਦੀ ਪ੍ਰਯਾਗਰਾਜ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਕਰਵਰੀਆ, ਉਸ ਦੇ ਭਰਾਵਾਂ ਕਪਿਲਮੁਨੀ ਕਰਵਰੀਆ ਅਤੇ ਸੂਰਜਭਾਨ ਕਰਵਰੀਆ ਅਤੇ ਇਕ ਹੋਰ ਖਿਲਾਫ ਕੇਸ ਦਰਜ ਕੀਤਾ ਗਿਆ ਸੀ। -ਪੀਟੀਆਈ