ਨਵੀਂ ਦਿੱਲੀ, 9 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅਰਥਚਾਰੇ ਨੂੰ ਮੁੜ ਸੁਰਜੀਤ ਕਰਨ ਦੀ ਗੱਲ ਜਦੋਂ ਵੀ ਤੁਰਦੀ ਹੈ ਤਾਂ ਆਲਮੀ ਉਭਾਰ ਤੇ ਭਾਰਤ ਦਾ ਜ਼ਿਕਰ ਹੋਣਾ ਕੁਦਰਤੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਭਾਰਤ ਨੇ ਹਰ ਚੁਣੌਤੀ, ਫਿਰ ਇਹ ਸਮਾਜਿਕ ਹੋਵੇ ਜਾਂ ਆਰਥਿਕ, ਨੂੰ ਸਫ਼ਲਤਾ ਨਾਲ ਸਰ ਕੀਤਾ ਹੈ। ਸ੍ਰੀ ਮੋਦੀ ਇਥੇ ਇੰਡੀਆ ਗਲੋਬਲ ਵੀਕ 2020 ਮੌਕੇ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਅਰਥਚਾਰੇ ਦੀਆਂ ਹਰੀਆਂ ਕਰੁੰਬਲਾਂ ਫੁਟਣ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਦੇ ਸਭ ਤੋਂ ਮੋਕਲੇ ਅਰਥਚਾਰਿਆਂ ’ਚੋਂ ਇਕ ਹੈ ਤੇ ਅਸੀਂ ਆਲਮੀ ਨਿਵੇਸ਼ਕਾਂ ਲਈ ਹਮੇਸ਼ਾ ਦਰ ਖੁੱਲ੍ਹੇ ਰੱਖੇ ਹਨ। ਉਨ੍ਹਾਂ ਦਵਾਈਆਂ ਦੀਆਂ ਘਟਦੀਆਂ ਕੀਮਤਾਂ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਦੀ ਫਾਰਮਾ ਸਨਅਤ ਨਾ ਸਿਰਫ਼ ਦੇਸ਼ ਬਲਕਿ ਕੁਲ ਆਲਮ ਲਈ ਵੱਡਾ ਅਸਾਸਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਆਤਮ-ਨਿਰਭਰ ਦਾ ਮਤਲਬ ਖੁਦ ਨੂੰ ਆਪਣੇ ਤਕ ਸੀਮਤ ਕਰਨਾ ਜਾਂ ਵਿਸ਼ਵ ਲਈ ਦਰਵਾਜ਼ੇ ਭੇੜਨਾ ਨਹੀਂ ਬਲਕਿ ਖੁ਼ਦ ਨੂੰ ਮਜ਼ਬੂਤ ਤੇ ਖੁ਼ਦ ਅਸਾਸੇ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਕੁਲ ਆਲਮ ਦੀ ਖੁ਼ਸ਼ਹਾਲੀ ਤੇ ਭਲੇ ਲਈ ਕੁਝ ਵੀ ਕਰਨ ਨੂੰ ਤਿਆਰ ਹੈ। -ਪੀਟੀਆਈ