ਨਵੀਂ ਦਿੱਲੀ, 9 ਜੂਨ
ਕੈਨੇਡਾ ਦੀ ਖੁਫੀਆ ਏਜੰਸੀ ਦੇ ਮੁਖੀ ਡੇਵਿਡ ਵਿਗਨੌਲਡ ਨੇ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਸਬੰਧਤ ਮਾਮਲੇ ਦੀ ਜਾਣਕਾਰੀ ਭਾਰਤੀ ਅਧਿਕਾਰੀਆਂ ਨੂੰ ਦੇਣ ਲਈ ਫਰਵਰੀ ਅਤੇ ਮਾਰਚ ’ਚ ਦੋ ਵਾਰ ਭਾਰਤ ਦਾ ਦੌਰਾ ਕੀਤਾ ਸੀ। ਘਟਨਾਕ੍ਰਮ ਤੋਂ ਜਾਣੂ ਲੋਕਾਂ ਨੇ ਇਹ ਜਾਣਕਾਰੀ ਦਿੱਤੀ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੈਨੇਡਿਆਈ ਸੁਰੱਖਿਆ ਖੁਫੀਆ ਸੇਵਾ (ਸੀਐੱਸਆਈਐੱਸ) ਦੇ ਨਿਰਦੇਸ਼ਕ ਵਿਗਨੌਲਟ ਨੇ ਹੱਤਿਆ ਦੇ ਸਬੰਧ ਵਿੱਚ ਓਟਾਵਾ ਦੀ ਜਾਂਚ ਦੌਰਾਨ ਸਾਹਮਣੇ ਆਈ ਜਾਣਕਾਰੀ ਸਾਂਝੀ ਕੀਤੀ ਹੈ। ਪਿਛਲੇ ਸਾਲ ਸਤੰਬਰ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਟਾਂ ਦੀ ਸੰਭਾਵੀ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਮਗਰੋਂ ਭਾਰਤ ਤੇ ਕੈਨੇਡਾ ਵਿਚਾਲੇ ਸਬੰਧਾਂ ’ਚ ਤਣਾਅ ਆ ਗਿਆ ਸੀ। ਨਵੀਂ ਦਿੱਲੀ ਨੇ ਟਰੂਡੋ ਦੇ ਦੋਸ਼ਾਂ ਨੂੰ ਬੇਬੁਨਿਆਦ ਦਸਦਿਆਂ ਖਾਰਜ ਕਰ ਦਿੱਤਾ ਸੀ। ਵਿਗਨੌਲਟ ਦੀ ਅਣਐਲਾਨੀ ਭਾਰਤ ਯਾਤਰਾ ਕੈਨੇਡਾ ਵੱਲੋਂ ਤਿੰਨ ਭਾਰਤੀ ਨਾਗਰਿਕਾਂ ਕਰਨਪ੍ਰੀਤ ਸਿੰਘ (28), ਕਮਲਪ੍ਰੀਤ ਸਿੰਘ (22) ਅਤੇ ਕਰਨ ਬਰਾੜ (22) ਨੂੰ ਨਿੱਝਰ ਦੀ ਹੱਤਿਆ ’ਚ ਕਥਿਤ ਸ਼ਮੂਲੀਅਤ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਜਾਣ ਤੋਂ ਕੁਝ ਹਫ਼ਤੇ ਪਹਿਲਾਂ ਹੋਈ ਸੀ। ਕੈਨੇਡਾ ਸਰਕਾਰ ਦੇ ਇੱਕ ਅਧਿਕਾਰੀ ਨੇ ਕਿਹਾ, ‘ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਸੀਐੱਸਆਈਐੱਸ ਦੇ ਡਾਇਰੈਕਟਰ ਡੇਵਿਡ ਵਿਗਨੌਲਟ ਨੇ ਭਾਰਤ ਦਾ ਦੌਰਾ ਕੀਤਾ ਪਰ ਅਸੀਂ ਬੰਦ ਕਮਰਾ ਮੀਟਿੰਗਾਂ ਬਾਰੇ ਕੋਈ ਟਿੱਪਣੀ ਨਹੀਂ ਕਰਦੇ।’ -ਪੀਟੀਆਈ