ਇਲਾਹਾਬਾਦ, 1 ਸਤੰਬਰ
ਇਲਾਹਾਬਾਦ ਹਾਈ ਕੋਰਟ ਨੇ ਡਾ. ਕਫੀਲ ਖਾਨ ਦੀ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਤਹਿਤ ਹਿਰਾਸਤ ਅੱਜ ਰੱਦ ਕਰ ਦਿੱਤੀ ਹੈ ਅਤੇ ਉਨ੍ਹਾਂ ਤੁਰੰਤ ਰਿਹਾਅ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਚੀਫ ਜਸਟਿਸ ਗੋਵਿੰਦ ਮਾਥੁਰ ਤੇ ਜਸਟਿਸ ਸੌਮਿੱਤਰ ਦਿਆਲ ਸਿੰਘ ਦੇ ਬੈਂਚ ਨੇ ਡਾ. ਕਫੀਲ ਦੀ ਮਾਂ ਨੁਜਹਤ ਪ੍ਰਵੀਨ ਦੀ ਅਪੀਲ ’ਤੇ ਇਹ ਹੁਕਮ ਜਾਰੀ ਕੀਤੇ ਹਨ। ਨੁਜਹਤ ਪ੍ਰਵੀਨ ਨੇ ਡਾ. ਕਫੀਲ ਦੀ ਰਿਹਾਈ ਦੀ ਮੰਗ ਕੀਤੀ ਸੀ। ਉਨ੍ਹਾਂ ਅਪੀਲ ’ਚ ਦੋਸ਼ ਲਾਇਆ ਸੀ ਕਿ ਡਾ. ਕਫੀਲ ਨੂੰ ਫਰਵਰੀ ’ਚ ਇੱਕ ਸਮਰੱਥ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ ਤੇ ਉਸ ਨੂੰ ਰਿਹਾਅ ਕੀਤਾ ਜਾਣਾ ਸੀ ਪਰ ਉਸ ਨੂੰ ਚਾਰ ਦਿਨ ਤੱਕ ਰਿਹਾਅ ਨਹੀਂ ਕੀਤਾ ਗਿਆ ਤੇ ਉਸ ’ਤੇ ਐੱਨਐੱਸਏ ਲਗਾ ਦਿੱਤਾ ਗਿਆ। ਇਸ ਲਈ ਉਸ ਨੂੰ ਨਾਜਾਇਜ਼ ਤੌਰ ’ਤੇ ਹਿਰਾਸਤ ’ਚ ਰੱਖਿਆ ਗਿਆ ਸੀ। ਹਿਰਾਸਤ ਦਾ ਹੁਕਮ ਰੱਦ ਕਰਦਿਆਂ ਅਦਾਲਤ ਨੇ ਕਿਹਾ, ‘ਇਸ ਮਾਮਲੇ ’ਚ ਅਸੀਂ ਦੇਖਿਆ ਕਿ ਕਾਰਨ ਸਬੰਧੀ ਕੜੀ ਕਾਇਬ ਹੈ ਜਾਂ ਪੂਰੀ ਤਰ੍ਹਾਂ ਟੁੱਟੀ ਹੋਈ ਹੈ। ਅਸਲ ’ਚ ਹਿਰਾਸਤ ’ਚ ਲੈਣ ਵਾਲੇ ਅਧਿਕਾਰੀਆਂ ਨੇ ਹਮਾਇਤ ਵਾਲੇ ਤੱਥਾਂ ਤੋਂ ਬਿਨਾਂ ਹੀ ਸ਼ੱਕ ਜ਼ਾਹਿਰ ਕਰ ਦਿੱਤਾ ਹੈ ਜਿਸ ਦਾ ਕੋਈ ਆਧਾਰ ਨਹੀਂ ਹੈ।’
-ਪੀਟੀਆਈ
ਡਾ. ਕਫੀਲ ਨੂੰ ਤੁਰੰਤ ਰਿਹਾਅ ਕੀਤੇ ਜਾਣ ਦੀ ਆਸ: ਪ੍ਰਿਯੰਕਾ
ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਇਲਾਹਾਬਾਦ ਹਾਈ ਕੋਰਟ ਵੱਲੋਂ ਡਾਕਟਰ ਕਫੀਲ ਖਾਨ ਦੀ ਰਿਹਾਈ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਉਮੀਦ ਜ਼ਾਹਿਰ ਕੀਤੀ ਹੈ ਕਿ ਯੂਪੀ ਪ੍ਰਸ਼ਾਸਨ ਕਫੀਲ ਨੂੰ ਬਿਨਾਂ ਕਿਸੇ ਦੇਰੀ ਦੇ ਰਿਹਾਅ ਕਰੇਗਾ। ਉਨ੍ਹਾਂ ਟਵੀਟ ਕੀਤਾ, ‘ਅੱਜ ਇਲਾਹਾਬਾਦ ਹਾਈ ਕੋਰਟ ਨੇ ਡਾ. ਕਫੀਲ ਖਾਨ ਉੱਤੋਂ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਹਟਾ ਕੇ ਉਨ੍ਹਾਂ ਦੀ ਤੁਰੰਤ ਰਿਹਾਈ ਦੇ ਹੁਕਮ ਜਾਰੀ ਕੀਤੇ ਹਨ। ਉਮੀਦ ਹੈ ਕਿ ਯੂਪੀ ਸਰਕਾਰ ਡਾ. ਕਫੀਲ ਨੂੰ ਬਿਨਾਂ ਕਿਸੇ ਰੰਜਿਸ਼ ਦੇ ਤੁਰੰਤ ਰਿਹਾਅ ਕਰੇਗੀ।’ ਕਾਂਗਰਸ ਦੀ ਯੂਪੀ ਇਕਾਈ ਦੀ ਇੰਚਾਰਜ ਨੇ ਕਿਹਾ, ‘ਕਫੀਲ ਖਾਨ ਦੀ ਰਿਹਾਈ ਦੀਆਂ ਕੋਸ਼ਿਸ਼ਾਂ ’ਚ ਲੱਗੇ ਸਾਰੇ ਇਨਸਾਫ਼ ਪਸੰਦ ਲੋਕਾਂ ਤੇ ਯੂਪੀ ਕਾਂਗਰਸ ਦੇ ਕਾਰਕੁਨਾਂ ਨੂੰ ਵਧਾਈ ਦਿੱਤੀ।’
-ਪੀਟੀਆਈ