ਮੁੰਬਈ: ਬੰਬੇ ਹਾਈ ਕੋਰਟ ਨੇ ਅੱਜ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਖੁਦਕੁਸ਼ੀ ਨਾਲ ਸਬੰਧਤ ਕੇਸ ’ਚੋਂ ਤੁਰੰਤ ਕੋਈ ਰਾਹਤ ਨਾ ਦਿੰਦਿਆਂ ਉਸ ਨੂੰ ਅੰਤਰਿਮ ਜ਼ਮਾਨਤ ਦੇਣ ਸਬੰਧੀ ਆਪਣੇ ਹੁਕਮ ਰਾਖਵੇਂ ਰੱਖ ਲਏ ਹਨ। ਜਸਟਿਸ ਐੱਸਟੈੱਸ ਸ਼ਿੰਦੇ ਅਤੇ ਐੱਮਐੱਸ ਕਾਰਨਿਕ ’ਤੇ ਆਧਾਰਿਤ ਡਿਵੀਜ਼ਨ ਬੈਂਚ ਨੇ ਬਿਨਾਂ ਕੋਈ ਤਾਰੀਕ ਦਿੰਦਿਆਂ ਕਿਹਾ ਕਿ ਉਹ ਜਲਦੀ ਤੋਂ ਜਲਦੀ ਇਸ ਸਬੰਧੀ ਹੁਕਮ ਜਾਰੀ ਕਰ ਦੇਣਗੇ। ਅਦਾਲਤ ਨੇ ਕਿਹਾ, ‘ਅਸੀਂ ਜਲਦੀ ਹੀ ਇਸ ਸਬੰਧੀ ਹੁਕਮ ਜਾਰੀ ਕਰਾਂਗੇ। ਹਾਲਾਂਕਿ ਮੁਲਜ਼ਮ ਵਿਅਕਤੀਆਂ ਨੂੰ ਪੱਕੀ ਜ਼ਮਾਨਤ ਲਈ ਸੈਸ਼ਨ ਕੋਰਟ ਕੋਲ ਪਹੁੰਚ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ।’ ਇਸ ਦੌਰਾਨ ਖ਼ੁਦਕੁਸ਼ੀ ਕੇਸ ਵਿਚ ਸੀਨੀਅਰ ਪੱਤਰਕਾਰ ਅਰਨਬ ਗੋਸਵਾਮੀ ਦੀ ਮੈਜਿਸਟਰੇਟ ਵੱਲੋਂ ਦਿੱਤੀ ਨਿਆਂਇਕ ਹਿਰਾਸਤ ਖ਼ਿਲਾਫ਼ ਪੁਲੀਸ ਨੇ ਸੈਸ਼ਨ ਕੋਰਟ ਵਿਚ ਨਜ਼ਰਸਾਨੀ ਪਟੀਸ਼ਨ ਦਾਇਰ ਕੀਤੀ ਹੈ। ਮੈਜਿਸਟਰੇਟ ਤੋਂ ਅਰਨਬ ਦੀ ਪੁਲੀਸ ਹਿਰਾਸਤ ਮੰਗੀ ਗਈ ਸੀ ਪਰ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ। ਸੈਸ਼ਨ ਅਦਾਲਤ ਇਸ ਮਾਮਲੇ ’ਤੇ 9 ਨਵੰਬਰ ਨੂੰ ਸੁਣਵਾਈ ਕਰੇਗੀ। ਜ਼ਿਲ੍ਹਾ ਸੈਸ਼ਨ ਅਦਾਲਤ ਨੂੰ ਅੱਜ ਜਾਣੂ ਕਰਵਾਇਆ ਗਿਆ ਕਿ ਬੰਬੇ ਹਾਈ ਕੋਰਟ ਫ਼ਿਲਹਾਲ ਗੋਸਵਾਮੀ ਤੇ ਦੋ ਹੋਰਾਂ- ਫ਼ਿਰੋਜ਼ ਸ਼ੇਖ ਤੇ ਨਿਤੇਸ਼ ਸ਼ਾਰਦਾ ਦੀਆਂ ਅੰਤ੍ਰਿਮ ਜ਼ਮਾਨਤ ਦੀਆਂ ਅਰਜ਼ੀਆਂ ਉਤੇ ਸੁਣਵਾਈ ਕਰ ਰਿਹਾ ਹੈ। ਇਨ੍ਹਾਂ ਤਿੰਨਾਂ ਨੇ ਆਪਣੀ ਗ੍ਰਿਫ਼ਤਾਰੀ ਨੂੰ ‘ਨਾਜਾਇਜ਼’ ਦੱਸਦਿਆਂ ਹਾਈ ਕੋਰਟ ਵਿਚ ਜ਼ਮਾਨਤ ਮੰਗੀ ਹੈ। ਪੁਲੀਸ ਨੇ ਆਪਣੀ ਅਰਜ਼ੀ ਵਿਚ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰਨ ਤੇ ਤਿੰਨਾਂ ਮੁਲਜ਼ਮਾਂ ਦੀ ਪੁਲੀਸ ਹਿਰਾਸਤ ਦੇਣ ਦੀ ਮੰਗ ਕੀਤੀ ਹੈ। -ਪੀਟੀਆਈ