ਨਵੀਂ ਦਿੱਲੀ, 31 ਅਕਤੂਬਰ
ਦਿੱਲੀ ਹਾਈ ਕੋਰਟ ਨੇ ਅੱਜ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸੁਬਰਾਮਨੀਅਨ ਸਵਾਮੀ ਦੀ ਨਿੱਜੀ ਰਿਹਾਇਸ਼ ’ਤੇ ਸੁਰੱਖਿਆ ਪ੍ਰਬੰਧਾਂ ਦੇ ਮਾਮਲੇ ਵਿੱਚ ਕੇਂਦਰ ਨੂੰ ਵਿਸਥਾਰਤ ਹਲਫਨਾਮਾ ਦਾਇਰ ਕਰਨ ਲਈ ਕਿਹਾ ਹੈ। ਉਨ੍ਹਾਂ ਕੇਂਦਰ ਤੋਂ ਸਵਾਮੀ ਵੱਲੋਂ ਸੁਰੱਖਿਆ ਸਬੰਧੀ ਜਤਾਏ ਗਏ ਖਦਸ਼ਿਆਂ ਨੂੰ ਦੂਰ ਕਰਨ ਦਾ ਵੀ ਭਰੋਸਾ ਮੰਗਿਆ ਹੈ। ਜ਼ਿਕਰਯੋਗ ਹੈ ਕਿ ਸਵਾਮੀ ਨੂੰ ‘ਜ਼ੈੱਡ ਸ਼੍ਰੇਣੀ’ ਦੀ ਸੁਰੱਖਿਆ ਮਿਲੀ ਹੋਈ ਹੈ।
ਕੇਂਦਰ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਸਵਾਮੀ ਦੀ ਨਿੱਜੀ ਰਿਹਾਇਸ਼ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ ਹੈ। ਉਹ ਸਰਕਾਰ ਵੱਲੋਂ ਅਲਾਟ ਕੀਤਾ ਗਿਆ ਬੰਗਲਾ ਖਾਲੀ ਕਰਨ ਤੋਂ ਬਾਅਦ ਇਸ ਰਿਹਾਇਸ਼ ’ਚ ਰਹਿਣਗੇ। ਕੇਂਦਰ ਸਰਕਾਰ ਨੇ ਵਕੀਲ ਨੇ ਕਿਹਾ ਕਿ ਸਾਬਕਾ ਰਾਜ ਸਭਾ ਮੈਂਬਰ ਨੂੰ ਨਿੱਜੀ ਰਿਹਾਇਸ਼ ’ਚ ਰਹਿਣ ਵੇਲੇ ‘ਜ਼ੈੱਡ’ ਸ਼੍ਰੇਣੀ ਦੀ ਪੂਰੀ ਸੁਰੱਖਿਆ ਮਿਲੇਗੀ। ਸਰਕਾਰੀ ਬੰਗਲੇ ਤੋਂ ਮੁੱਖ ਸੁਰੱਖਿਆ ਮੁਲਾਜ਼ਮ ਵੀ ਉਨ੍ਹਾਂ ਦੇ ਨਾਲ ਜਾਵੇਗਾ। ਸਰਕਾਰ ਦਾ ਇਹ ਬਿਆਨ ਸਵਾਮੀ ਦੇ ਇਸ ਦਾਅਵੇ ਤੋਂ ਬਾਅਦ ਆਇਆ ਹੈ ਕਿ ਪਹਿਲਾਂ ਦਿੱਤੇ ਭਰੋਸੇ ਦੇ ਬਾਵਜੂਦ ਕੇਂਦਰ ਨੇ ਉਨ੍ਹਾਂ ਦੀ ਨਿੱਜੀ ਰਿਹਾਇਸ਼ ’ਤੇ ਸੁੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ। ਵਕੀਲ ਨੇ ਕਿਹਾ ਕਿ ਜਿਵੇਂ ਹੀ ਸਵਾਮੀ ਆਪਣੀ ਨਵੀਂ ਰਿਹਾਇਸ਼ ਵਿੱਚ ਚਲੇ ਜਾਣਗੇ ਤਾਂ ਉਨ੍ਹਾਂ ਦੀ ਸੁਰੱਖਿਆ ਦੇ ਪੂਰੇ ਪ੍ਰਬੰਧ ਕਰ ਦਿੱਤੇ ਜਾਣਗੇ। -ਪੀਟੀਆਈ