ਕੋਲਕਾਤਾ, 7 ਫਰਵਰੀ
ਕਲਕੱਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਵਿੱਚ ਪਿਛਲੇ ਮਹੀਨੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ’ਤੇ ਹੋਏ ਹਮਲੇ ਦੀ ਜਾਂਚ ਲਈ ਸੀਬੀਆਈ ਅਤੇ ਸੂਬੇ ਦੀ ਪੁਲੀਸ ਦੀ ਸਾਂਝੀ ਵਿਸ਼ੇਸ਼ ਜਾਂਚ ਟੀਮ (ਸਿਟ) ਗਠਿਤ ਕਰਨ ਦੇ ਸਿੰਗਲ ਬੈਂਚ ਦੇ ਹੁਕਮਾਂ ’ਤੇ ਅੱਜ ਰੋਕ ਲਗਾ ਦਿੱਤੀ ਹੈ। ਚੀਫ ਜਸਟਿਸ ਟੀ.ਐੱਸ. ਸ਼ਿਵਗਣਨਮ ਦੀ ਪ੍ਰਧਾਨਗੀ ਵਾਲੇ ਡਿਵੀਜ਼ਨ ਬੈਂਚ ਨੇ ਈਡੀ ਦੀ ਅਪੀਲ ’ਤੇ ਇਹ ਹੁਕਮ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਕਥਿਤ ਰਾਸ਼ਨ ਵੰਡ ਘੁਟਾਲਾ ਮਾਮਲੇ ਵਿੱਚ 5 ਜਨਵਰੀ ਨੂੰ ਈਡੀ ਦੇ ਅਧਿਕਾਰੀਆਂ ਦੀ ਇਕ ਟੀਮ ਜਦੋਂ ਸੰਦੇਸ਼ਖਾਲੀ ਵਿੱਚ ਤ੍ਰਿਣਮੂਲ ਕਾਂਗਰਸ ਦੇ ਆਗੂ ਸ਼ਾਹਜਹਾਂ ਸ਼ੇਖ ਦੇ ਘਰ ਦੀ ਤਲਾਸ਼ੀ ਲੈਣ ਗਈ ਸੀ ਤਾਂ ਉਸੇ ਦੌਰਾਨ ਭੀੜ ਨੇ ਟੀਮ ’ਤੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਜਾਂਚ ਏਜੰਸੀ ਦੇ ਤਿੰਨ ਅਧਿਕਾਰੀ ਜ਼ਖ਼ਮੀ ਹੋ ਗਏ ਸਨ। ਸ਼ੇਖ ਉਦੋਂ ਤੋਂ ਹੀ ਫਰਾਰ ਹੈ। ਜਸਟਿਸ ਜੇ ਸੈਨਗੁਪਤਾ ਦੇ ਸਿੰਗਲ ਬੈਂਚ ਨੇ 17 ਜਨਵਰੀ ਨੂੰ ਹਮਲੇ ਦੀ ਜਾਂਚ ਲਈ ਸੀਬੀਆਈ ਅਤੇ ਸੂਬਾ ਪੁਲੀਸ ਦੇ ਇਕ-ਇਕ ਐੱਸਪੀ ਰੈਂਕ ਦੇ ਅਧਿਕਾਰੀ ਦੀ ਪ੍ਰਧਾਨਗੀ ਵਿੱਚ ਸਿਟ ਦੇ ਗਠਨ ਦਾ ਨਿਰਦੇਸ਼ ਦਿੱਤਾ ਸੀ। ਈਡੀ ਨੇ ਪਟੀਸ਼ਨ ਵਿੱਚ ਦਾਅਵਾ ਕੀਤਾ ਕਿ ਸੂਬੇ ਦੀ ਪੁਲੀਸ ਆਜ਼ਾਦ ਤੌਰ ’ਤੇ ਮਾਮਲੇ ਦੀ ਜਾਂਚ ਨਹੀਂ ਕਰ ਸਕੇਗੀ ਕਿਉਂਕਿ ਇਕ ਮੰਤਰੀ ਕਥਿਤ ਤੌਰ ’ਤੇ ਘੁਟਾਲੇ ਵਿੱਚ ਸ਼ਾਮਲ ਹੈ। ਮਾਮਲੇ ਦੀ ਅਗਲੀ ਸੁਣਵਾਈ 6 ਮਾਰਚ ਨੂੰ ਹੋਵੇਗੀ। -ਪੀਟੀਆਈ