ਨਵੀਂ ਦਿੱਲੀ, 23 ਸਤੰਬਰ
ਰਾਕੇਸ਼ ਅਸਥਾਨਾ ਦੀ ਦਿੱਲੀ ਪੁਲੀਸ ਕਮਿਸ਼ਨਰ ਵਜੋਂ ਨਿਯੁਕਤੀ ਨੂੰ ਚੁਣੌਤੀ ਦੇਣ ਲਈ ਪਾਈ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ‘ਨਕਲ’ ਕਰਾਰ ਦਿੱਤਾ। ਅਦਾਲਤ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੀ ਕਾਰਵਾਈ ਮੁੜ ਨਾ ਦੁਹਰਾਈ ਜਾਵੇ। ਦਿੱਲੀ ਹਾਈ ਕੋਰਟ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਪਟੀਸ਼ਨਰ ਦਾ ਵਕੀਲ ਪਟੀਸ਼ਨ ਵਿਚਲੇ ਨੁਕਤਿਆਂ ਦੀ ਵਿਆਖਿਆ ਕਰਨ ’ਚ ਨਾਕਾਮ ਰਿਹਾ। ਇਹ ਪਟੀਸ਼ਨ ਕਥਿਤ ਤੌਰ ’ਤੇ ਨਕਲ ਹੈ। ਚੀਫ ਜਸਟਿਸ ਡੀ ਐਨ ਪਟੇਲ ਤੇ ਜਸਟਿਸ ਜਯੋਤੀ ਸਿੰਘ ਦੇ ਬੈਂਚ ਨੇ ਕਿਹਾ ਕਿ ਇਹ ਪਟੀਸ਼ਨ, ਸੁਪਰੀਮ ਕੋਰਟ ਵਿੱਚ ਦਾਖ਼ਲ ਕੀਤੀ ਗਈ ਪਹਿਲੀ ਪਟੀਸ਼ਨ ਦੀ ਨਕਲ ਹੈ। ਇੱਥੋਂ ਤੱਕ ਕਿ ਕੋਮੇ ਤੇ ਬਿੰਦੀਆਂ ਵੀ ਨਹੀਂ ਬਦਲੀਆਂ ਗਈਆਂ। ਉਨ੍ਹਾਂ ਕਿਹਾ ਕਿ ਪਟੀਸ਼ਨਰ ਨੂੰ ਸੁਤੰਤਰ ਰੂਪ ਵਿੱਚ ਅਰਜ਼ੀ ਦਾਇਰ ਕਰਨੀ ਚਾਹੀਦੀ ਸੀ। ਜ਼ਿਕਰਯੋਗ ਹੈ ਕਿ ਹਾਈ ਕੋਰਟ, ਅਸਥਾਨਾ ਦੀ ਨਿਯੁਕਤੀ ਖ਼ਿਲਾਫ਼ ਵਕੀਲ ਸਦਰ ਆਲਮ ਦੀ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਇਸ ਤੋਂ ਪਹਿਲਾਂ ਇਸ ਨਿਯੁਕਤੀ ਨੂੰ ਚੁਣੌਤੀ ਦਿੰਦਿਆਂ ਐਡਵੋਕੇਟ ਪ੍ਰਸ਼ਾਂਤ ਭੂਸ਼ਨ ਰਾਹੀਂ ਇਕ ਸਮਾਜ ਸੇਵੀ ਸੰਸਥਾ ਨੇ ਜਨ ਹਿੱਤ ਪਟੀਸ਼ਨ ਦਾਖ਼ਲ ਕੀਤੀ ਸੀ।
ਬੈਂਚ ਨੇ ਕਿਹਾ ਕਿ ਹੁਣ ਵਾਲੀ ਪਟੀਸ਼ਨ, ਪਹਿਲਾਂ ਸੀਨੀਅਰ ਵਕੀਲ ਵੱਲੋਂ ਪਾਈ ਗਈ ਪਟੀਸ਼ਨ ਦੀ ਹੂਬਹੂ ਨਕਲ ਹੈ। ਜੇ ਤੁਸੀਂ ਨਕਲ ਮਾਰ ਹੀ ਰਹੇ ਹੋ ਤਾਂ ਪੰਜ ਫੀਸਦੀ ਮਾਰੀ ਜਾ ਸਕਦੀ ਹੈ ਪਰ 95 ਫ਼ੀਸਦ ਵਿਚਾਰ ਤੁਹਾਡੇ ਆਪਣੇ ਹੋਣੇ ਚਾਹੀਦੇ ਹਨ। ਇਸ ਪਟੀਸ਼ਨ ਵਿੱਚ 97 ਤੋਂ 99 ਫ਼ੀਸਦੀ ਨਕਲ ਹੈ, ਇੱਥੋਂ ਤੱਕ ਬਿੰਦੀਆਂ ਤੇ ਕੋਮੇ ਵੀ ਹੂਬਹੂ ਹਨ। ਇਸ ਵਾਰ ਤਾਂ ਇਸ ਨੂੰ ਸਹਿਣ ਕਰ ਲਿਆ ਗਿਆ ਪਰ ਭਵਿੱਖ ਵਿੱਚ ਇਹੋ ਜਿਹੀ ਕਾਰਵਾਈ ਨਾ ਕੀਤੀ ਜਾਵੇ।’ -ਪੀਟੀਆਈ