ਨਵੀਂ ਦਿੱਲੀ:
ਵਿਧਾਨ ਸਭਾ ਕਮੇਟੀ ਦੀ ਰਿਪੋਰਟ ਦੀਆਂ ਸਿਫਾਰਸ਼ਾਂ ਮਗਰੋਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਨੇ ਅੱਜ ਭੰਗ ਦੀ ਖੇਤੀ ਨੂੰ ਵੈਧ ਬਣਾਉਣ ਲਈ ਅਹਿਮ ਮਤਾ ਪਾਸ ਕੀਤਾ ਹੈ। ਕਮੇਟੀ ਨੇ ਸੂਬੇ ਲਈ ਵਿੱਤੀ ਜਾਇਦਾਦ ਵਜੋਂ ਇਸ ਦੀ ਸਮਰੱਥਾ ’ਤੇ ਰੋਸ਼ਨੀ ਪਾਉਂਦਿਆਂ ਮੈਡੀਕਲ ਤੇ ਸਨਅਤੀ ਮਕਸਦਾਂ ਲਈ ਭੰਗ ਦੀ ਖੇਤੀ ਦਾ ਮਤਾ ਪੇਸ਼ ਕੀਤਾ। ਮਾਲ ਮੰਤਰੀ ਤੇ ਵਿਧਾਨ ਸਭਾ ਕਮੇਟੀ ਦੇ ਪ੍ਰਧਾਨ ਜਗਤ ਸਿੰਘ ਨੇਗੀ ਨੇ ਰਿਪੋਰਟ ਤੇ ਭੰਗ ਦੀ ਖੇਤੀ ਦੇ ਸੰਭਾਵੀ ਫਾਇਦਿਆਂ ਬਾਰੇ ਵਿਸਤਾਰ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਹ ਵਿਚਾਰ ਸ਼ੁਰੂ ’ਚ ਨਿਯਮ 130 ਤਹਿਤ ਵਿਧਾਨ ਸਭਾ ’ਚ ਲਿਆਂਦਾ ਗਿਆ ਸੀ, ਜਿਸ ਵਿੱਚ ਹਾਕਮ ਧਿਰ ਤੇ ਵਿਰੋਧੀ ਧਿਰ ਦੋਵਾਂ ਦੀ ਹਮਾਇਤ ਸੀ। ਨੇਗੀ ਨੇ ਕਿਹਾ, ‘ਕਮੇਟੀ ਨੇ ਹਿਮਾਚਲ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਕੀਤਾ ਅਤੇ ਸਥਾਨਕ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਕਿ ਭੰਗ ਦੀ ਖੇਤੀ ਦੀ ਵਰਤੋਂ ਮੈਡੀਕਲ ਤੇ ਸਨਅਤੀ ਮਕਸਦਾਂ ਲਈ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ। ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਸੈਸ਼ਨ ਇੱਕ ਦਿਨ ਲਈ ਵਧਾ ਦਿੱਤਾ ਗਿਆ ਹੈ ਜੋ ਹੁਣ 10 ਸਤੰਬਰ ਤੱਕ ਚਲੇਗਾ। -ਏਐੱਨਆਈ