ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 7 ਅਪਰੈਲ
ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨ ਐੱਨ ਵੋਹਰਾ ਨੇ ਕਿਤਾਬ ‘ਹੀਰੋਜ਼ ਆਫ਼ 1971’ ਦੇ ਰਿਲੀਜ਼ ਸਮਾਗਮ ਨੂੰ ਸੰਬੋਧਨ ਕਰਦਿਆਂ ਦੇਸ਼ ਵੱਲੋਂ ਫ਼ੌਜੀ ਇਤਿਹਾਸ ਦੇਰੀ ਨਾਲ ਪ੍ਰਕਾਸ਼ਿਤ ਕਰਨ ’ਤੇ ਅਫ਼ਸੋਸ ਪ੍ਰਗਟਾਇਆ। ਰੱਖਿਆ ਸਕੱਤਰ ਰਹੇ ਸ੍ਰੀ ਵੋਹਰਾ ਨੇ ਕਿਹਾ ਕਿ ਫ਼ੌਜੀ ਇਤਿਹਾਸ ਦਾ ਮਹੱਤਵ ਇਹ ਹੈ ਕਿ ਅਧਿਕਾਰੀਆਂ ਦੀਆਂ ਆਉਂਦੀਆਂ ਪੀੜ੍ਹੀਆਂ ਨੂੰ ਮਹਾਨ ਜੰਗਾਂ ਤੋਂ ਜਾਣੂ ਕਰਾਉਣ ਦੀ ਲੋੜ ਹੈ ਜਿਹੜੀ ਮੁਲਕ ਨੇ ਜਿੱਤੀਆਂ ਅਤੇ ਹਾਰੀਆਂ ਹਨ। ‘ਇਨ੍ਹਾਂ ਜੰਗਾਂ ’ਚ ਜਿੱਤ ਜਾਂ ਹਾਰ ਕਿਉਂ ਹੋਈ, ਇਸ ਦੇ ਸਬਕ ਪਿਛਲੀਆਂ ਜੰਗਾਂ ਅਤੇ ਸੰਘਰਸ਼ਾਂ ਲਈ ਚੰਗਾ ਅਧਿਐਨ ਹੋ ਸਕਦੇ ਹਨ।’ ‘ਦਿ ਟ੍ਰਿਬਿਊਨ ਟਰੱਸਟ ਦੇ ਪ੍ਰਧਾਨ ਸ੍ਰੀ ਵੋਹਰਾ ਨੇ ਇਹ ਵੀ ਕਿਹਾ ਕਿ ਫ਼ੌਜੀ ਇਤਿਹਾਸ ਸਿਰਫ਼ ਅਤੀਤ ਨੂੰ ਸਮਝਣ ਦਾ ਜ਼ਰੀਆ ਨਹੀਂ ਹੈ ਸਗੋਂ ਇਸ ਰਾਹੀਂ ਆਮ ਲੋਕਾਂ ਨੂੰ ਇਹ ਵੀ ਦੱਸਿਆ ਜਾ ਸਕੇ ਕਿ ਦੇਸ਼ ਦੇ ਦੁਸ਼ਮਣ ਕੌਣ ਸਨ ਅਤੇ ਦੇਸ਼ ਲਈ ਕੁਰਬਾਨੀਆਂ ਕਿੰਨਾਂ ਨੇ ਦਿੱਤੀਆਂ ਹਨ ਜਾਂ ਦੇਸ਼ ਦੇ ਨਾਇਕ ਕੌਣ ਸਨ। ਉਨ੍ਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਕਿਹਾ ਕਿ ਉਹ ਅਧਿਕਾਰਤ ਇਤਿਹਾਸ ਨੂੰ ਮੁੱਖ ਭਾਸ਼ਾਵਾਂ ’ਚ ਅਨੁਵਾਦ ਕਰਨ ਲਈ ਵਿਚਾਰ ਕਰਨ ਤਾਂ ਜੋ ਲੋਕ ਜਾਣ ਸਕਣ ਕਿ ਕਿੰਨਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਸਨ ਅਤੇ ਦੁਸ਼ਮਣ ਕੌਣ ਸਨ। ਜੰਗ ਅਤੇ ਕਿਤਾਬ ਬਾਰੇ ਬੋਲਦਿਆਂ ਸ੍ਰੀ ਵੋਹਰਾ ਨੇ ਕਿਹਾ,‘‘ਦਿ ਟ੍ਰਿਬਿਊਨ ਨੇ ਇਹ ਵਿਸ਼ੇਸ਼ ਲੇਖ ਪ੍ਰਕਾਸ਼ਿਤ ਕੀਤੇ ਹਨ। ਅਸੀਂ ਅਖ਼ਬਾਰ ’ਚ ਪਰਮਵੀਰ ਚੱਕਰ ਅਤੇ ਮਹਾਵੀਰ ਚੱਕਰ ਜੇਤੂਆਂ ਲਈ ਇਕ ਵੱਖਰਾ ਸੈਕਸ਼ਨ ਰੱਖਿਆ ਹੈ।’’ ਉਨ੍ਹਾਂ ਕਿਹਾ ਕਿ ਤਿੰਨੋਂ ਸੈਨਾਵਾਂ ਅਤੇ ਨੀਮ ਫ਼ੌਜੀ ਦਸਤਿਆਂ ਦੇ ਸਾਂਝੇ ਕੰਮ ਅਤੇ ਗੱਠਜੋੜ ਜਿਹੀ ਮਿਸਾਲ ਸਮਾਜ ਨੇ ਨਾ ਪਹਿਲਾਂ ਕਦੇ ਦੇਖੀ ਸੀ ਅਤੇ ਨਾ ਹੀ ਦੁਬਾਰਾ ਦੇਖਣ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਜੰਗ ਦੇ ਉਦੇਸ਼ਾਂ ’ਚ ਪੂਰਬੀ ਪਾਕਿਸਤਾਨ ਨੂੰ ਆਜ਼ਾਦ ਕਰਾਉਣਾ ਅਤੇ ਨਵਾਂ ਆਜ਼ਾਦ ਮੁਲਕ ਬਣਾਉਣਾ ਕੋਈ ਛੋਟੀ ਪ੍ਰਾਪਤੀ ਨਹੀਂ ਸੀ ਸਗੋਂ ਇਹ ਵੱਡੀ ਜਿੱਤ ਸੀ। ਇਸ ਨੇ ਭੂਗੋਲਿਕ-ਸਿਆਸੀ ਦ੍ਰਿਸ਼ ਨੂੰ ਬਦਲ ਕੇ ਰੱਖ ਦਿੱਤਾ ਸੀ। ‘ਮੈਂ ਫ਼ੌਜੀ ਅਤੇ ਪੁਲੀਸ ਅਧਿਕਾਰੀਆਂ, ਤਤਕਾਲੀ ਰੱਖਿਆ ਮੰਤਰੀ ਜਗਜੀਵਨ ਰਾਮ ਅਤੇ ਤਤਕਾਲੀ ਪ੍ਰਿੰਸੀਪਲ ਰੱਖਿਆ ਸਕੱਤਰ ਕੇ ਬੀ ਲਾਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ।’ ਦਿ ਟ੍ਰਿਬਿਊਨ ਬਾਰੇ ਬੋਲਦਿਆਂ ਸ੍ਰੀ ਵੋਹਰਾ ਨੇ ਕਿਹਾ ਕਿ ਸਮਾਜ ਸੇਵੀ ਦਿਆਲ ਸਿੰਘ ਮਜੀਠਆ ਨੇ ਆਪਣੀ ਸਾਰੀ ਜਾਇਦਾਦ ਕਾਲਜ, ਲਾਇਬ੍ਰੇਰੀ ਅਤੇ ਮਿਆਰੀ ਅਖ਼ਬਾਰ ਸਥਾਪਤ ਕਰਨ ’ਤੇ ਲਗਾ ਦਿੱਤੀ ਤਾਂ ਜੋ ਬਸਤੀਵਾਦੀ ਨਿਜ਼ਾਮ ਅਤੇ ਆਜ਼ਾਦੀ ਸੰਘਰਸ਼ ਬਾਰੇ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ‘ਦਿ ਟ੍ਰਿਬਿਊਨ’ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ ਕਸ਼ਮੀਰ, ਰਾਜਸਥਾਨ ਅਤੇ ਪੱਛਮੀ ਯੂਪੀ ਦੇ ਕੁਝ ਹਿੱਸਿਆਂ ਦਾ ਮੋਹਰੀ ਅਖ਼ਬਾਰ ਹੈ। ਇਨ੍ਹਾਂ ਇਲਾਕਿਆਂ ’ਚ ਲੱਖਾਂ ਦੀ ਗਿਣਤੀ ’ਚ ਸਾਬਕਾ ਫ਼ੌਜੀਆਂ ਦੇ ਪਰਿਵਾਰ ਵਸਦੇ ਹਨ ਅਤੇ ਅਸੀਂ ਉਨ੍ਹਾਂ ਦੀਆਂ ਮੁਸ਼ਕਲਾਂ ਪ੍ਰਤੀ ਰਿਪੋਰਟਿੰਗ ਲਈ ਸੰਵੇਦਨਸ਼ੀਲ ਹਾਂ। ਉਨ੍ਹਾਂ ਕਿਹਾ ਕਿ ਟ੍ਰਿਬਿਊਨ ਆਜ਼ਾਦੀ ਸੰਘਰਸ਼ ਦੇ ਸਮੇਂ ਤੋਂ ਹੀ ਸਰਗਰਮ ਰਿਹਾ ਹੈ। ਜੱਲ੍ਹਿਆਂਵਾਲਾ ਬਾਗ ਦੇ ਸਾਕੇ ਸਮੇਂ ‘ਦਿ ਟ੍ਰਿਬਿਊਨ’ ਦੇ ਸੰਪਾਦਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਖ਼ਬਾਰ ਦਾ ਪ੍ਰਕਾਸ਼ਨ ਰੋਕ ਦਿੱਤਾ ਗਿਆ ਸੀ। ਉਸ ਸਮੇਂ ਮਹਾਤਮਾ ਗਾਂਧੀ ਨੇ ਅਖ਼ਬਾਰ ਦੇ ਸੰਪਾਦਕ ਅਤੇ ਟ੍ਰਿਬਿਊਨ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਕਿਹਾ ਕਿ ਸਾਡੇ ਬਾਨੀ ਨੇ ਕਿਹਾ ਹੈ ਕਿ ਸਾਨੂੰ ਲੋਕਾਂ ਦੇ ਦੁੱਖ-ਦਰਦ ਅਤੇ ਸਮੇਂ ਦੀਆਂ ਸਰਕਾਰਾਂ ਦੀਆਂ ਨਾਕਾਮੀਆਂ ਨੂੰ ਉਭਾਰਣਾ ਚਾਹੀਦਾ ਹੈ ਪਰ ਇਸ ਦੌਰਾਨ ਪੱਖਪਾਤ ਰਹਿਤ ਅਤੇ ਧਰਮ ਨਿਰਪੱਖ ਤੇ ਆਜ਼ਾਦ ਪਹੁੰਚ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ‘ਦਿ ਟ੍ਰਿਬਿਊਨ’ ਨੇ ਆਪਣੇ ਬਾਨੀ ਦੇ ਸ਼ਬਦ ਪੁਗਾਏ ਹਨ ਅਤੇ ਰਿਪੋਰਟਿੰਗ ਤੇ ਸੰਪਾਦਕੀ ਨੀਤੀਆਂ ਦੌਰਾਨ ਗ਼ੈਰ ਸਿਆਸੀ ਰਵੱਈਆ ਅਪਣਾਇਆ।