ਐਨਪੀ ਧਵਨ
ਪਠਾਨਕੋਟ, 5 ਜਨਵਰੀ
ਪਠਾਨਕੋਟ ਵਾਸੀਆਂ ਨੂੰ ਜਲਦੀ ਹੀ ਵੰਦੇ ਭਾਰਤ ਦਾ ਤੋਹਫਾ ਮਿਲ ਸਕਦਾ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਰਦਿਆਂ ਦੱਸਿਆ ਕਿ ਪਿਛਲੇ ਹਫਤੇ 30 ਦਸੰਬਰ ਨੂੰ ਕਟੜਾ-ਦਿੱਲੀ ਦਰਮਿਆਨ ਸ਼ੁਰੂ ਹੋਈ ਵੰਦੇ ਭਾਰਤ ਰੇਲ ਗੱਡੀ ਦਾ ਪਠਾਨਕੋਟ ਕੈਂਟ ਸਟੇਸ਼ਨ ਤੇ ਸਟਾਪੇਜ ਦੇਣ ਦੀ ਮੰਗ ਨੂੰ ਲੈ ਕੇ ਉਹ ਅੱਜ ਦਿੱਲੀ ਵਿਖੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮਿਲੇ ਅਤੇ ਉਨ੍ਹਾਂ ਨੂੰ ਮੰਗ ਪੱਤਰ ਵੀ ਦਿੱਤਾ। ਕੇਂਦਰੀ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਲੋਕਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖ ਕੇ ਜਲਦੀ ਹੀ ਫੈਸਲਾ ਲਿਆ ਜਾਵੇਗਾ। ਇਸ ਦੇ ਇਲਾਵਾ ਉਨ੍ਹਾਂ ਮੰਤਰੀ ਨੂੰ ਮੀਰਥਲ ਕੋਲ ਪਿੰਡ ਨਲੂੰਗਾ ਵਿੱਚ ਰੇਲਵੇ ਦਾ ਅੰਡਰਬ੍ਰਿਜ ਬਣਾਉਣ ਦੀ ਮੰਗ ਵੀ ਕੀਤੀ।
ਅਸ਼ਵਨੀ ਸ਼ਰਮਾ ਨੇ ਕੇਂਦਰੀ ਰੇਲ ਮੰਤਰੀ ਨੂੰ ਦੱਸਿਆ ਕਿ ਏਸ਼ੀਆ ਦੀ ਸਭ ਤੋਂ ਵੱਡੀ ਆਰਮੀ ਕੰਟੋਨਮੈਂਟ ‘ਪਠਾਨਕੋਟ’ ਵਿੱਚ ਹੈ। ਪਠਾਨਕੋਟ ਸ਼ਹਿਰ ਜੰਮੂ-ਕਸ਼ਮੀਰ ਅਤੇ ਹਿਮਾਚਲ ਨਾਲ ਜੁੜਿਆ ਹੋਣ ਕਰਕੇ ਇੱਕ ਬਹੁਤ ਵੱਡਾ ਵਪਾਰਕ ਕੇਂਦਰ ਵੀ ਹੈ। ਇਸ ਦੇ ਇਲਾਵਾ ਹਿਮਾਚਲ ਪ੍ਰਦੇਸ਼ ਦੇ ਟੂਰਿਸਟ ਸਥਾਨ ਡਲਹੌਜ਼ੀ, ਚੰਬਾ ਤੇ ਧਰਮਸ਼ਾਲਾ, ਪਠਾਨਕੋਟ ਨਾਲ ਹੀ ਜੁੜੇ ਹੋਏ ਹਨ ਤੇ ਹਿਮਾਚਲ ਨੂੰ ਜਾਣ ਵਾਲੇ ਸੈਲਾਨੀ, ਵਪਾਰੀ ਅਤੇ ਨੇਤਾ ਲੋਕ ਪਠਾਨਕੋਟ ਕੈਂਟ ਤੇ ਹੀ ਆ ਕੇ ਉਤਰਦੇ ਹਨ। ਇਸ ਕਰਕੇ ਇੱਥੇ ਸਟਾਪੇਜ ਬਣਾਉਣ ਦੀ ਅਹਿਮ ਜ਼ਰੂਰਤ ਹੈ। ਅਸ਼ਵਨੀ ਸ਼ਰਮਾ ਨੇ ਨਲੂੰਗਾ ਵਿਖੇ ਰੇਲਵੇ ਦਾ ਅੰਡਰਬ੍ਰਿਜ ਬਣਾਉਣ ਦੀ ਮੰਗ ਬਾਰੇ ਮੰਤਰੀ ਨੂੰ ਦੱਸਿਆ ਕਿ ਉਥੇ ਆਰਮੀ ਖੇਤਰ ਵਿੱਚੋਂ ਪਠਾਨਕੋਟ-ਜਲੰਧਰ ਰੇਲਵੇ ਟਰੈਕ ਲੰਘਦਾ ਹੈ। ਨਲੂੰਗਾ ਦੇ ਨਾਲ 7 ਪਿੰਡ ਲੱਗਦੇ ਹਨ ਜੋ ਕਿ ਰੇਲਵੇ ਟਰੈਕ ਦੇ ਦੂਸਰੇ ਪਾਸੇ ਪੈਂਦੇ ਹਨ ਤੇ ਉਨ੍ਹਾਂ ਦਾ ਰਾਤ ਸਮੇਂ ਆਰਮੀ ਵਾਲੇ ਲਾਂਘਾ ਬੰਦ ਕਰ ਦਿੰਦੇ ਹਨ ਜਿਸ ਕਰਕੇ ਉਨ੍ਹਾਂ ਲੋਕਾਂ ਨੂੰ ਰਾਤ ਸਮੇਂ ਬੜੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।