ਨਵੀਂ ਦਿੱਲੀ, 7 ਮਾਰਚ
ਯੂਕਰੇਨ ਦੇ ਉੱਤਰ-ਪੂਰਬੀ ਸ਼ਹਿਰ ਸੂਮੀ ਵਿੱਚ ਜੰਗੀ ਖੇਤਰ ਵਿੱਚ ਘਿਰੀ ਭਾਰਤੀ ਵਿਦਿਆਰਥਣ ਨੇ ਇਕ ਵੀਡੀਓ ਸੁਨੇਹੇ ਵਿੱਚ ਕਿਹਾ ਹੈ ਕਿ ਉਹ ਕੁਝ ਵਿਦਿਆਰਥੀਆਂ ਨਾਲ ਬੀਤੇ 10 ਦਿਨਾਂ ਤੋਂ ਇਸ ਉਡੀਕ ਵਿੱਚ ਹੈ ਕਿ ਕੋਈ ਉਨ੍ਹਾਂ ਨੂੰ ਇਥੋਂ ਸੁਰੱਖਿਅਤ ਕੱਢ ਲਏਗਾ, ਪਰ ਉਨ੍ਹਾਂ ਦੀ ਇਹ ਆਸ ਹੁਣ ਟੁੱਟਦੀ ਜਾ ਰਹੀ ਹੈ। ਸੂਮੀ ਸਟੇਟ ਯੂਨੀਵਰਿਸਟੀ ਵਿੱਚ ਪੜ੍ਹਨ ਵਾਲੀ ਇਕ ਹੋਰ ਵਿਦਿਆਰਥਣ ਨੇ ਦੱਸਿਆ ਕਿ ਜਿਥੇ ਉਹ ਹਨ, ਉਥੇ ਨਾ ਬਿਜਲੀ ਤੇ ਨਾ ਪਾਣੀ ਹੈ। ਉਸ ਨੇ ਕਿਹਾ, ‘‘ਅਸੀਂ ਜ਼ਰੂਰੀ ਚੀਜ਼ਾਂ ਵੀ ਨਹੀਂ ਖਰੀਦ ਸਕਦੇ। ’’ ਸੂਮੀ ਵਿੱਚ ਕਰੀਬ 700 ਵਿਦਿਆਰਥੀ ਫਸੇ ਹੋਏ ਹਨ। ਸੂਮੀ ਵਿੱਚ ਫਸੇ ਇਕ ਹੋਰ ਭਾਰਤੀ ਵਿਦਿਆਰਥੀ ਆਸ਼ਿਕ ਹੁਸੈਨ ਸਰਕਾਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ‘‘ਸਾਡੀ ਹਿੰਮਤ ਟੁੱਟ ਰਹੀ ਹੈ। ਸਾਨੂੰ ਤਾਜ਼ਾ ਜਾਣਕਾਰੀ ਦਾ ਇੰਤਜ਼ਾਰ ਹੈ।’’ ਮੈਡੀਕਲ ਦੇ ਚੌਥੇ ਵਰ੍ਹੇ ਦੇ ਵਿਦਿਆਰਥੀ ਅਜੀਤ ਗੰਗਾਧਰਨ ਨੇ ਕਿਹਾ, ‘‘ਅਸੀਂ ਪੈਦਲ ਨਿਕਲਣ ਵਾਲੇ ਹੀ ਸੀ ਕਿ ਸਰਕਾਰ ਨੇ ਸਾਨੂੰ ਰੁਕਣ ਅਤੇ ਕੋਈ ਜੋਖਮ ਨਾ ਲੈਣ ਲਈ ਕਿਹਾ। ਅਸੀਂ ਰੁਕ ਗਏ, ਪਰ ਕਦੋਂ ਤਕ?’’ ਸੂਮੀ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੇ ਸ਼ਨਿਚਰਵਾਰ ਨੂੰ ਇਕ ਵੀਡੀਓ ਸ਼ੋਸ਼ਲ ਮੀਡੀਆ ’ਤੇ ਪਾ ਕੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਸੰਘਰਸ਼ ਵਿਚਾਲੇ ਕੜਾਕੇ ਦੀ ਠੰਢ ਵਿੱਚ ਰੂਸ ਦੀ ਸਰਹੱਦ ਤਕ ਪੈਦਲ ਜਾਣ ਦਾ ਜੋਖ਼ਮ ਲੇੈਣ ਦਾ ਫੈਸਲਾ ਕੀਤਾ।’’ -ਏਜੰਸੀ
ਸੱਤ ਉਡਾਣਾਂ ਰਾਹੀਂ 1314 ਭਾਰਤੀ ਵਤਨ ਪਰਤੇ
ਨਵੀਂ ਦਿੱਲੀ: ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਸੱਤ ਉਡਾਣਾਂ ਰਾਹੀਂ ਕੁੱਲ 1314 ਭਾਰਤੀਆਂ ਨੂੰ ਅੱਜ ਯੂਕਰੇਨ ਦੇ ਗੁਆਂਢੀ ਮੁਲਕਾਂ ’ਚੋਂ ਵਾਪਸ ਲਿਆਂਦਾ ਗਿਆ ਹੈ। ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਭਲਕੇ ਰੋਮਾਨੀਆ ਦੇ ਸੁਕੇਵਾ ਤੋਂ ਦੋ ਵਿਸ਼ੇਸ਼ ਸਿਵਲੀਅਨ ਉਡਾਣਾਂ ਰਾਹੀਂ 400 ਤੋਂ ਵੱਧ ਭਾਰਤੀਆਂ ਦੀ ਦੇਸ਼ ਵਾਪਸੀ ਹੋਵੇਗੀ। ਅੱਜ ਆਈਆਂ ਉਡਾਣਾਂ ਵਿੱਚੋਂ ਚਾਰ ਦਿੱਲੀ ਅਤੇ ਦੋ ਮੁੰਬਈ ਵਿੱਚ ਉੱਤਰੀਆਂ ਹਨ। ਇਕ ਉਡਾਣ ਦੇ ਅੱਜ ਸ਼ਾਮੀਂ ਪੁੱਜਣ ਦੀ ਉਮੀਦ ਹੈ। ਯੂਕਰੇਨ ਦਾ ਹਵਾਈ ਖੇਤਰ 24 ਫਰਵਰੀ ਤੋਂ ਬੰਦ ਹੋਣ ਕਰਕੇ ਯੂਕਰੇਨ ’ਚ ਫਸੇ ਭਾਰਤੀ ਨਾਗਰਿਕਾਂ ਨੂੰ ਰੋਮਾਨੀਆ, ਹੰਗਰੀ, ਸਲੋਵਾਕੀਆ ਤੇ ਪੋਲੈਂਡ ਜਿਹੇ ਯੂਰੋਪੀ ਮੁਲਕਾਂ ਰਾਹੀਂ ਕੱਢਿਆ ਜਾ ਰਿਹੈ। -ਪੀਟੀਆਈ